ਸ਼੍ਰੀਲੰਕਾ ਵਿਰੁੱਧ 3 ਮੈਚਾਂ ਦੀ ਸੀਰੀਜ਼ ਦਾ ਆਖਰੀ ਟੀ-20 ਅੱਜ, ਕਲੀਨ ਸਵੀਪ ਕਰਨ ਉਤਰੇਗੀ ਭਾਰਤੀ ਟੀਮ
Tuesday, Jul 30, 2024 - 01:14 PM (IST)
ਪੱਲੇਕੇਲੇ– ਨਵੇਂ ਕੋਚ ਗੌਤਮ ਗੰਭੀਰ ਤੇ ਕਪਤਾਨ ਸੂਰਯਕੁਮਾਰ ਯਾਦਵ ਦੀ ਅਗਵਾਈ ਵਿਚ ਭਾਰਤੀ ਟੀਮ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ ਤੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ 3 ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਕਰਨ ਲਈ ਮੈਦਾਨ ’ਤੇ ਉਤਰੇਗੀ। ਭਾਰਤ ਪਹਿਲੇ ਦੋਵੇਂ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਚੁੱਕਾ ਹੈ ਪਰ ਉਸਦਾ ਟੀਚਾ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਦਾ ਹੋਵੇਗਾ। ਭਾਰਤ ਨੇ ਐਤਵਾਰ ਨੂੰ ਮੀਂਹ ਪ੍ਰਭਾਵਿਤ ਦੂਜਾ ਮੈਚ 7 ਵਿਕਟਾਂ ਨਾਲ ਜਿੱਤਿਆ ਸੀ।
ਜਿਸ ਦਿਨ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਭਾਰਤ ਨੂੰ ਹਰਾ ਕੇ ਆਪਣਾ ਪਹਿਲਾ ਟੀ-20 ਏਸ਼ੀਆ ਕੱਪ ਜਿੱਤਿਆ ਸੀ, ਉਸ ਦਿਨ ਵੀ ਉਸਦੀ ਪੁਰਸ਼ ਟੀਮ ਦਾ ਪ੍ਰਦਰਸ਼ਨ ਖਰਾਬ ਰਿਹਾ।
ਸ਼੍ਰੀਲੰਕਾ ਲਈ ਸਭ ਤੋਂ ਵੱਡੀ ਚਿੰਤਾ ਉਸਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਹੈ। ਦੂਜੇ ਪਾਸੇ ਭਾਰਤ ਨੇ ਅਜੇ ਤਕ ਵਿਸ਼ਵ ਚੈਂਪੀਅਨ ਦੀ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਅਜੇ ਤਕ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਖਿਡਾਰੀਆਂ ਦੀ ਰਣਨੀਤੀ ਤੇ ਕਲਾ ਵਿਚ ਆਤਮਵਿਸ਼ਵਾਸ ਸਾਫ ਝਲਕ ਰਿਹਾ ਹੈ ਤੇ ਉਹ ਕਿਸੇ ਵੀ ਸਮੇਂ ਦਬਾਅ ਵਿਚ ਨਹੀਂ ਦਿਸੇ।
ਕੁਝ ਮੌਕੇ ਅਜਿਹੇ ਵੀ ਆਏ ਜਦੋਂ ਸ਼੍ਰੀਲੰਕਾ ਦੀ ਟੀਮ ਮੁਕਾਬਲੇ ਵਿਚ ਨਹੀਂ ਦਿਸੀ। ਭਾਰਤੀ ਗੇਂਦਬਾਜ਼ਾਂ ਨੇ ਅਜੇ ਤਕ ਉਸਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ। ਸੂਰਯਕੁਮਾਰ ਨੇ ਗੇਂਦਬਾਜ਼ੀ ਵਿਚ ਪ੍ਰਭਾਵਸ਼ਾਲੀ ਬਦਲਾਅ ਕਰ ਕੇ ਲੜੀ ਦੀਆਂ ਪ੍ਰੇਸ਼ਾਨੀਆਂ ਵਧਾਈਆਂ ਹਨ। ਭਾਰਤੀ ਕਪਤਾਨ ਨੇ ਅਜੇ ਤਕ 58 ਤੇ 26 ਦੌੜਾਂ ਦੀਆਂ ਪਾਰੀਆਂ ਖੇਡ ਕੇ ਅੱਗੇ ਵਧ ਕੇ ਅਗਵਾਈ ਕੀਤੀ ਹੈ। ਉਸਦੀ ਸ਼ਾਨਦਾਰ ਅਗਵਾਈ ਵਿਚ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਹੈ। ਇਹ ਹੀ ਵਜ੍ਹਾ ਹੈ ਕਿ ਭਾਰਤ ਪਹਿਲੇ ਮੈਚ ਵਿਚ 200 ਤੋਂ ਵੱਧ ਦੌੜਾਂ ਬਣਾਉਣ ਵਿਚ ਸਫਲ ਰਿਹਾ ਸੀ।
ਭਾਰਤ ਨੇ ਦੂਜੇ ਮੈਚ ਵਿਚ ਬੱਲੇਬਾਜ਼ੀ ਕ੍ਰਮ ਵਿਚ ਥੋੜ੍ਹਾ ਬਦਲਾਅ ਕੀਤਾ ਸੀ। ਉਸ ਨੇ ਜ਼ਖ਼ਮੀ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਜਗ੍ਹਾ ਸੰਜੂ ਸੈਮਸਨ ਨੂੰ ਟੀਮ ਵਿਚ ਰੱਖਿਆ ਸੀ। ਇਹ ਦੇਖਣਾ ਹੋਵੇਗਾ ਕਿ ਗਿੱਲ ਤੀਜੇ ਮੈਚ ਲਈ ਫਿੱਟ ਹੁੰਦਾ ਹੈ ਜਾਂ ਨਹੀਂ ਕਿਉਂਕਿ ਮੀਂਹ ਕਾਰਨ ਸੈਮਸਨ ਨੂੰ ਜਦੋਂ ਇਕ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਮੌਕਾ ਮਿਲਿਆ ਤਾਂ ਉਹ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ ਸੀ। ਸ਼੍ਰੀਲੰਕਾ ਵੱਲੋਂ ਬੱਲੇਬਾਜ਼ੀ ਵਿਚ ਪਾਥੁਮ ਨਿਸ਼ਾਂਕਾ (111 ਦੌੜਾਂ) ਤੇ ਕੁਸ਼ਲ ਪਰੇਰਾ (73) ਹੀ ਉਪਯੋਗੀ ਯੋਗਦਾਨ ਦੇ ਸਕੇ ਹਨ ਪਰ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਵਿਚਾਲੇ ਦੇ ਓਵਰਾਂ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕਣਾ ਹੈ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ-ਸੂਰਯਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਰਿਆਨ ਪ੍ਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ।
ਸ਼੍ਰੀਲੰਕਾ : ਦਿਨੇਸ਼ ਚਾਂਦੀਮਲ, ਅਵਿਸ਼ਕਾ ਫਰਨਾਂਡੋ, ਕੁਸ਼ਲ ਮੈਂਡਿਸ (ਵਿਕਟਕੀਪਰ), ਪਥੁਮ ਨਿਸ਼ਾਂਕਾ, ਕੁਸ਼ਲ ਪਰੇਰਾ, ਚਰਿਥ ਅਸਾਲੰਕਾ (ਕਪਤਾਨ), ਵਾਨਿੰਦੂ ਹਸਰੰਗਾ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ, ਚਾਮਿੰਡੂ ਵਿਕ੍ਰਮਸਿੰਘੇ, ਬਿਨੂਰਾ ਫਰਨਾਂਡੋ, ਅਸਿਥਾ ਫਰਨਾਂਡੋ, ਦਿਲਸ਼ਾਨ ਮਧੂਸ਼ਨਾਕਾ, ਮਥੀਸ਼ਾ ਪਥਿਰਾਨਾ, ਮਹੇਸ਼ ਤੀਕਸ਼ਣਾ, ਡੂਨਿਥ ਵੇਲਾਲਾਗੇ।