ਸੂਰਿਆ, ਪੰਤ ਤੇ ਜਾਇਸਵਾਲ ਦੀਆਂ ਤਾਬੜਤੋੜ ਪਾਰੀਆਂ, ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 214 ਦੌੜਾਂ ਦਾ ਟੀਚਾ

Saturday, Jul 27, 2024 - 09:03 PM (IST)

ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਦੇ ਕਪਤਾਨ ਚਰਿਥ ਅਸਾਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੇ ਚਾਰ ਖਿਡਾਰੀਆਂ ਦੇ ਨਾਂ ਲਏ ਜੋ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਇਨ੍ਹਾਂ 'ਚ ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ, ਸ਼ਿਵਮ ਦੂਬੇ ਅਤੇ ਖਲੀਲ ਅਹਿਮਦ ਸ਼ਾਮਲ ਹਨ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਓਪਨਰ ਯਸ਼ਸਵੀ ਜਾਇਸਵਾਲ ਤੇ ਸ਼ੁੱਭਮਨ ਗਿੱਲ ਨੇ ਤੇਜ਼ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 6 ਓਵਰਾਂ 'ਚ 74 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ। ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਾ ਜੋ 16 ਗੇਂਦਾਂ 'ਚ 34 ਦੌੜਾਂ ਬਣਾ ਕੇ ਦਿਲਸ਼ਾਨ ਮਦੂਸ਼ੰਕਾ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਯਸ਼ਸਵੀ ਜਾਇਸਵਾਲ 21 ਗੇਂਦਾਂ 'ਚ 40 ਦੌੜਾਂ ਬਣਾ ਕੇ ਵਨਿੰਦੂ ਹਸਰੰਗਾ ਦੀ ਗੇਂਦ 'ਤੇ ਸਟੰਪ ਆਊਟ ਹੋ ਗਏ। 

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕਪਤਾਨ ਸੂਰਿਆਕੁਮਾਰ ਯਾਦਵ ਤੇ ਰਿਸ਼ਭ ਪੰਤ ਨੇ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ। ਸੂਰਿਆਕੁਮਾਰ ਨੇ ਤਾਬੜਤੋੜ ਪਾਰੀ ਖੇਡਦੇ ਹੋਏ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ ਤੇ ਦੋਵਾਂ ਨੇ ਮਿਲ ਕੇ ਭਾਰਤ ਦਾ ਸਕੋਰ 100 ਤੋਂ ਪਾਰ ਕਰਵਾਇਆ।

ਕਪਤਾਨ ਸੂਰਿਆਕੁਮਾਰ ਨੇ ਕਪਤਾਨੀ ਪਾਰੀ ਖੇਡਦੇ ਹੋਏ 26 ਗੇਂਦਾਂ 'ਚ 8 ਚੌਕੇ ਤੇ 2 ਛੱਕਿਆਂ ਦੀ ਬਦੌਲਤ 58 ਦੌੜਾਂ ਬਣਾਈਆਂ। ਉਹ ਪਥਿਰਾਣਾ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਇਸ ਤੋਂ ਬਾਅਦ ਰਿਸ਼ਭ ਪੰਤ ਨੇ 33 ਗੇਂਦਾਂ 'ਚ 6 ਚੌਕੇ ਤੇ 1 ਛੱਕੇ ਦੀ ਬਦੌਲਤ 49 ਦੌੜਾਂ ਬਣਾਈਆਂ। ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਤੇ ਪਥਿਰਾਣਾ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। 

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਹਾਰਦਿਕ ਪੰਡਯਾ 10 ਗੇਂਦਾਂ 'ਚ 9, ਰਿਆਨ ਪਰਾਗ 6 ਗੇਂਦਾਂ 'ਚ 7, ਰਿੰਕੂ ਸਿੰਘ 2 ਗੇਂਦਾਂ 'ਚ 1 ਦੌੜ ਬਣਾ ਕੇ ਆਊਟ ਹੋ ਗਏ, ਜਦਕਿ ਅਕਸ਼ਰ ਪਟੇਲ (10) ਤੇ ਅਰਸ਼ਦੀਪ (1) ਦੌੜ ਬਣਾ ਕੇ ਨਾਬਾਦ ਰਹੇ। ਇਸ ਤਰ੍ਹਾਂ ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਨੂੰ ਇਹ ਮੁਕਾਬਲਾ ਜਿੱਤਣ ਲਈ 214 ਦੌੜਾਂ ਬਣਾਉਣੀਆਂ ਪੈਣਗੀਆਂ।

ਜ਼ਿਕਰਯੋਗ ਹੈ ਕਿ ਟੀ-20 ਸੀਰੀਜ਼ ਦੇ ਸਾਰੇ ਮੈਚ ਪੱਲੇਕੇਲੇ 'ਚ ਹੋਣਗੇ। ਇਸ ਵਾਰ ਦੋਵਾਂ ਟੀਮਾਂ ਦੀ ਕਮਾਨ ਨਵੇਂ ਹੱਥਾਂ ਵਿੱਚ ਹੈ। ਸੂਰਿਆਕੁਮਾਰ ਯਾਦਵ ਭਾਰਤ ਦੀ ਕਪਤਾਨੀ ਕਰ ਰਹੇ ਹਨ, ਜਦਕਿ ਚਰਿਥ ਅਸਾਲੰਕਾ ਸ਼੍ਰੀਲੰਕਾ ਦੀ ਟੀ-20 ਟੀਮ ਦੀ ਕਪਤਾਨੀ ਕਰ ਰਹੇ ਹਨ। ਉਥੇ ਹੀ ਇਸ ਸੀਰੀਜ਼ ਨਾਲ ਭਾਰਤ ਲਈ ਗੌਤਮ ਗੰਭੀਰ ਦੇ ਕੋਚਿੰਗ ਦੌਰ ਦਾ ਆਗਾਜ਼ ਹੋਣ ਜਾ ਰਿਹਾ ਹੈ। 

ਦੋਵਾਂ ਟੀਮਾਂ ਦੀ ਪਲੇਇੰਗ 11

ਭਾਰਤ- ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਸੂਰਿਆਕੁਮਾਰ ਯਾਦਵ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਿਆਨ ਪਰਾਗ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ।

ਸ਼੍ਰੀਲੰਕਾ- ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕੁਸਲ ਪਰੇਰਾ, ਕਮਿੰਦੂ ਮੈਂਡਿਸ, ਚਰਿਥ ਅਸਾਲੰਕਾ (ਕਪਤਾਨ), ਵਾਨਿੰਦੂ ਹਸਾਰੰਗਾ, ਦਾਸੁਨ ਸ਼ਨਾਕਾ, ਮਹਿਸ਼ ਥੀਕਸ਼ਾਨਾ, ਮਥੀਸ਼ਾ ਪਾਥੀਰਾਨਾ, ਅਸਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ।


Rakesh

Content Editor

Related News