IND vs SA : ਰੋਮਾਂਚਕ ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

Sunday, Oct 30, 2022 - 08:15 PM (IST)

IND vs SA : ਰੋਮਾਂਚਕ ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2022 ਦੇ ਸੁਪਰ-12 ਗਰੁੱਪ-2 ਦਾ ਮੁਕਾਬਲਾ ਅੱਜ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡਿਆ ਗਿਆ। ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ  ਨੂੰ 5 ਵਿਕਟਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ ਸੂਰਯਕੁਮਾਰ ਯਾਦਵ ਦੀਆਂ ਸ਼ਾਨਦਾਰ 68 ਦੌੜਾਂ ਦੀ ਬਦੌਲਤ 9 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ 19.4 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ ਤੇ ਮੈਚ 5 ਵਿਕਟਾਂ ਨਾਲ ਜਿੱਤ ਲਿਆ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਲੁੰਗੀ ਐਨਗਿਡੀ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਟੀਮ ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 9 ਦੌੜਾਂ ਦੇ ਨਿੱਜੀ ਸਕੋਰ 'ਤੇ ਲੁੰਗੀ ਐਨਗਿਡੀ ਵਲੋਂ ਆਊਟ ਹੋ ਗਏ।ਭਾਰਤ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਵਿਰਾਟ 12 ਦੌੜਾਂ ਦੇ ਨਿੱਜੀ ਸਕੋਰ ਲੁੰਗੀ ਐਨਡਿਗੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਦੀਪਕ ਹੁੱਡਾ 0 ਦੇ ਸਕੋਰ 'ਤੇ ਅਤੇ ਹਾਰਦਿਕ ਪੰਡਯਾ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। 

ਭਾਰਤ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਦਿਨੇਸ਼ ਕਾਰਤਿਕ 6 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਰਨੇਲ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਰਵੀਚੰਦਰਨ ਅਸ਼ਵਿਨ 7 ਦੌੜਾਂ ਦੇ ਨਿੱਜੀ ਸਕੋਰ 'ਤੇ ਪਾਰਨੇਲ ਵਲੋਂ ਆਊਟ ਹੋ ਗਏ।ਦੱਖਣੀ ਅਫਰੀਕਾ ਵਲੋਂ ਪਾਰਨੇਲ ਨੇ 3, ਲੁੰਗੀ ਐਨਗਿਡੀ ਨੇ 4 ਤੇ ਐਨਰਿਕ ਨਾਰਤਜੇ ਨੇ 1 ਵਿਕਟ ਲਈ। ।

ਇਹ ਵੀ ਪੜ੍ਹੋ : ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ 'ਚ ਦਿਖਿਆ Ind-Pak ਵਰਗਾ ਰੋਮਾਂਚ, ਲੱਕੀ ਚਾਂਸ ਮਿਲਿਆ ਪਰ ਹਾਰ ਗਈ ਜਿੰਬਾਬਵੇ

ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲੇ ਦੋ ਸ਼ੁਰੂਆਤੀ ਝਟਕੇ ਅਰਸ਼ਦੀਪ ਸਿੰਘ ਨੇ ਦਿੱਤੇ। ਅਰਸ਼ਦੀਪ ਨੇ ਕਵਿੰਟਨ ਡਿਕਾਕ ਨੂੰ 1 ਦੌੜ ਤੇ ਰਿਲੀ ਰੋਸੇ ਨੂੰ ਸਿਫਰ ਦੇ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਭਾਰਤ ਨੂੰ ਤੀਜੀ ਸਫਲਤਾ ਮੁਹੰਮਦ ਸ਼ੰਮੀ ਨੇ ਦਿਵਾਈ। ਸ਼ੰਮੀ ਨੇ ਦੱਖਣੀ ਅਫਰੀਕੀ ਕਪਤਾਨ ਟੇਂਬਾ ਬਾਵੁਮਾ ਨੂੰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰਕੇ ਭਾਰਤ ਨੂੰ ਤੀਜੀ ਸਫਲਤਾ ਦਿਵਾਈ। ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਐਡਨ ਮਾਰਕਰਮ 52 ਦੌੜਾਂ ਦੇ ਨਿੱਜੀ ਸਕੋਰ 'ਤੇ ਹਾਰਦਿਕ ਪੰਡਯਾ ਦਾ ਸ਼ਿਕਾਰ ਬਣਿਆ। ਦੱਖਣੀ ਅਫਰੀਕਾ ਦੀ ਪੰਜਵੀਂ ਵਿਕਟ ਟ੍ਰਿਸਟਨ ਸਟੱਬਸ ਦੇ ਤੌਰ 'ਤੇ ਡਿੱਗੀ। ਸਟੱਬਸ 6 ਦੌੜਾਂ ਬਣਾ ਅਸ਼ਵਿਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 2, ਮੁਹੰਮਦ ਸ਼ੰਮੀ ਨੇ 1 ਤੇ ਹਾਰਦਿਕ ਪੰਡਯਾ ਨੇ 1 ਤੇ ਰਵੀਚੰਦਰਨ ਅਸ਼ਵਿਨ ਨੇ 1 ਵਿਕਟ ਲਈ।

ਟੀਮਾਂ ਇਸ ਪ੍ਰਕਾਰ ਹਨ :

ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ ( ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਰਿਲੀ ਰੋਸੋ, ਏਡਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ, ਲੁੰਗੀ ਐਨਗਿਡੀ, ਐਨਰਿਕ ਨਾਰਟਜੇ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News