IND vs SA: ਸੂਰਯਵੰਸ਼ੀ ਤੇ ਜਾਰਜ ਦੇ ਸੈਂਕੜੇ, ਭਾਰਤ ਨੇ ਲੜੀ 3-0 ਨਾਲ ਕੀਤੀ ਕਲੀਨ ਸਵੀਪ
Thursday, Jan 08, 2026 - 11:47 AM (IST)
ਬੇਨੋਨੀ (ਦੱਖਣੀ ਅਫਰੀਕਾ)– ਵੈਭਵ ਸੂਰਯਵੰਸ਼ੀ ਨੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਸੈਂਕੜਾ ਲਾਇਆ ਜਦਕਿ ਆਰੋਨ ਜਾਰਜ ਨੇ ਵੀ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨਾਲ ਭਾਰਤ ਦੀ ਅੰਡਰ-19 ਟੀਮ ਨੇ ਤੀਜੇ ਯੂਥ ਵਨ ਡੇ ਵਿਚ ਦੱਖਣੀ ਅਫਰੀਕਾ ਨੂੰ 233 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਕਰ ਲਿਆ।
ਕਪਤਾਨ ਸੂਰਯਵੰਸ਼ੀ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇਕ ਵਾਰ ਫਿਰ ਛੱਕਿਆਂ ਦਾ ਮੀਂਹ ਵਰ੍ਹਾਉਂਦੇ ਹੋਏ 74 ਗੇਂਦਾਂ ਵਿਚ 127 ਦੌੜਾਂ ਬਣਾਈਆਂ, ਜਿਸ ਵਿਚ 10 ਛੱਕੇ ਤੇ 9 ਚੌਕੇ ਸ਼ਾਮਲ ਸਨ। ਬਿਹਾਰ ਦੇ ਇਸ 14 ਸਾਲਾ ਖਿਡਾਰੀ ਨੇ ਪਿਛਲੇ ਮੈਚ ਵਿਚ 24 ਗੇਂਦਾਂ ਵਿਚ 68 ਦੌੜਾਂ ਦੀ ਪਾਰੀ ਖੇਡੀ ਸੀ।
ਸੂਰਯਵੰਸ਼ੀ ਨੂੰ ਜਾਰਜ ਦਾ ਚੰਗਾ ਸਾਥ ਮਿਲਿਆ, ਜਿਸ ਨੇ 106 ਗੇਂਦਾਂ ਵਿਚ 118 ਦੌੜਾਂ ਬਣਾਈਆਂ। ਇਸ ਤਰ੍ਹਾਂ ਦੋਵਾਂ ਨੇ ਮਿਲ ਕੇ ਪਹਿਲੀ ਵਿਕਟ ਲਈ 227 ਦੌੜਾਂ ਦੀ ਸਾਂਝੇਦਾਰੀ ਕਰ ਕੇ ਵੱਡੇ ਸਕੋਰ ਦੀ ਨੀਂਹ ਰੱਖੀ। ਇਸ ਤਰ੍ਹਾਂ ਭਾਰਤ ਨੇ 7 ਵਿਕਟਾਂ ’ਤੇ 393 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਜਿਹੜਾ ਦੱਖਣੀ ਅਫਰੀਕਾ ਲਈ ਬਹੁਤ ਵੱਡਾ ਟੀਚਾ ਸਾਬਤ ਹੋਇਆ ਤੇ ਟੀਮ 35 ਓਵਰਾਂ ਵਿਚ 160 ਦੌੜਾਂ ’ਤੇ ਆਲ ਆਊਟ ਹੋ ਗਈ। ਮੇਜ਼ਬਾਨ ਟੀਮ ਲਈ ਨਟਾਂਡੋ ਸੋਨੀ (61 ਦੌੜਾਂ ਦੇ ਕੇ 3 ਵਿਕਟਾਂ) ਤੇ ਜੈਸਨ ਰੋਲਸ (59 ਦੌੜਾਂ ’ਤੇ 2 ਵਿਕਟਾਂ) ਨੇ ਮਿਲ ਕੇ 5 ਵਿਕਟਾਂ ਲਈਆਂ।
