IND vs NZ 3rd ODI: ਭਾਰਤੀ ਮਹਿਲਾ ਟੀਮ ਨੂੰ ਮਿਲਿਆ 233 ਦੌੜਾਂ ਦਾ ਟੀਚਾ
Tuesday, Oct 29, 2024 - 06:05 PM (IST)
ਅਹਿਮਦਾਬਾਦ, (ਭਾਸ਼ਾ) ਬਰੁੱਕ ਹੈਲੀਡੇ ਦੀ 86 ਦੌੜਾਂ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਭਾਰਤ ਖਿਲਾਫ ਤੀਜੇ ਅਤੇ ਫੈਸਲਾਕੁੰਨ ਵਨਡੇ ਵਿਚ 232 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 233 ਦੌੜਾਂ ਦਾ ਟੀਚਾ ਦਿੱਤਾ। ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਹੈਲੀਡੇ ਨੇ ਆਪਣੀ 96 ਗੇਂਦਾਂ ਦੀ ਪਾਰੀ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਭਾਰਤ ਵੱਲੋਂ ਨਿਊਜ਼ੀਲੈਂਡ ਨੂੰ 49.5 ਓਵਰਾਂ ਵਿੱਚ ਆਲ ਆਊਟ ਕਰਨ 'ਚ ਤਜਰਬੇਕਾਰ ਦੀਪਤੀ ਸ਼ਰਮਾ ਨੇ ਤਿੰਨ ਜਦਕਿ ਪ੍ਰਿਆ ਮਿਸ਼ਰਾ ਨੇ ਦੋ ਵਿਕਟਾਂ ਦਾ ਯੋਗਦਾਨ ਪਾਇਆ।
ਭਾਰਤੀ ਗੇਂਦਬਾਜ਼ਾਂ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਸਟੀਕ ਲਾਈਨ-ਲੈਂਥ ਨਾਲ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਸੁਜ਼ੀ ਬੇਟਸ ਜੇਮਿਮਾਹ ਰੋਡਰਿਗਜ਼ ਦੇ ਸ਼ਾਨਦਾਰ ਥ੍ਰੋਅ 'ਤੇ ਰਨ ਆਊਟ ਹੋ ਗਈ। ਸਾਇਮਾ ਠਾਕੋਰ ਨੇ ਅੱਠਵੇਂ ਓਵਰ 'ਚ ਲੌਰੀਨ ਨੂੰ ਇਕ ਦੌੜ 'ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਕਪਤਾਨ ਹਰਮਨਪ੍ਰੀਤ ਨੇ 11ਵੇਂ ਓਵਰ 'ਚ ਨੌਜਵਾਨ ਲੈੱਗ ਸਪਿਨਰ ਪ੍ਰਿਆ ਮਿਸ਼ਰਾ ਨੂੰ ਗੇਂਦ ਸੌਂਪੀ ਅਤੇ ਇਸ ਗੇਂਦਬਾਜ਼ ਨੇ ਸ਼ਾਨਦਾਰ ਫਾਰਮ 'ਚ ਚੱਲ ਰਹੀ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡੇਵਿਨ (ਨੌਂ ਦੌੜਾਂ) ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਪ੍ਰਿਆ ਨੇ ਇੱਕ ਸਿਰੇ ਤੋਂ ਸਾਵਧਾਨੀ ਨਾਲ ਖੇਡ ਰਹੇ ਸਲਾਮੀ ਬੱਲੇਬਾਜ਼ ਜਾਰਜੀਆ ਪਲਿਮਰ ਨੂੰ ਦੀਪਤੀ ਨੇ ਕੈਚ ਕਰਵਾਇਆ। ਉਸ ਨੇ 67 ਗੇਂਦਾਂ ਵਿੱਚ 39 ਦੌੜਾਂ ਬਣਾਈਆਂ।
ਮੈਡੀ ਗ੍ਰੀਨ 15 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਜਿਸ ਕਾਰਨ ਨਿਊਜ਼ੀਲੈਂਡ ਨੇ 24 ਓਵਰਾਂ 'ਚ 88 ਦੌੜਾਂ 'ਤੇ ਪੰਜਵੀਂ ਵਿਕਟ ਗੁਆ ਦਿੱਤੀ। ਹੈਲੀਡੇ ਨੂੰ ਫਿਰ ਵਿਕਟਕੀਪਰ ਇਜ਼ਾਬੇਲ ਗੇਜ (49 ਗੇਂਦਾਂ 'ਚ 25 ਦੌੜਾਂ) ਦੇ ਰੂਪ 'ਚ ਚੰਗਾ ਸਾਥੀ ਮਿਲਿਆ ਅਤੇ ਦੋਵਾਂ ਨੇ ਛੇਵੇਂ ਵਿਕਟ ਲਈ 64 ਦੌੜਾਂ ਜੋੜੀਆਂ ਅਤੇ ਟੀਮ ਨੂੰ ਮੈਚ 'ਚ ਵਾਪਸ ਲਿਆਇਆ। ਹੈਲੀਡੇ ਨੇ ਥਕਾਵਟ ਦੇ ਬਾਵਜੂਦ ਕੁਝ ਵੱਡੇ ਸ਼ਾਟ ਲਗਾਏ। ਉਹ 46ਵੇਂ ਓਵਰ 'ਚ ਦੀਪਤੀ ਦੀ ਗੇਂਦ 'ਤੇ ਰਾਧਾ ਯਾਦਵ ਦੇ ਹੱਥੋਂ ਕੈਚ ਹੋ ਗਈ। ਆਖਰੀ ਓਵਰਾਂ 'ਚ ਲਿਆ ਤਾਹੂਹੂ ਨੇ 14 ਗੇਂਦਾਂ 'ਚ ਅਜੇਤੂ 24 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਦੇ ਸਕੋਰ ਨੂੰ 232 ਤੱਕ ਪਹੁੰਚਾਇਆ।