IND vs NZ : ਦੋਵੇਂ ਟੀਮਾਂ ਦੀਆਂ ਤਿਆਰੀਆਂ ''ਚ ਮੀਂਹ ਨੇ ਪਾਇਆ ਅੜਿੱਕਾ, ਰੱਦ ਹੋਇਆ ਪ੍ਰੈਕਟਿਸ ਸੈਸ਼ਨ
Wednesday, Dec 01, 2021 - 04:19 PM (IST)
ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਨੂੰ ਮੀਂਹ ਕਾਰਨ ਇੱਥੇ ਵਾਨਖੇੜੇ ਸਟੇਡੀਅਮ 'ਤੇ ਬੁੱਧਵਾਰ ਨੂੰ ਆਪਣਾ ਪ੍ਰੈਕਟਿਸ ਸੈਸ਼ਨ ਰੱਦ ਕਰਨਾ ਪਿਆ। ਵਾਨਖੇੜੇ ਸਟੇਡੀਅਮ ਦੀ ਪਿੱਚ ਕਵਰ ਕਰ ਦਿੱਤੀ ਗਈ ਹੈ ਕਿਉਂਕਿ ਇੱਥੇ ਬੁੱਧਵਾਰ ਸਵੇਰੇ ਤੋਂ ਹੀ ਮੀਂਹ ਪੈ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਕ ਬਿਆਨ 'ਚ ਕਿਹਾ ਕਿ ਟੀਮ ਇੰਡੀਆ ਦਾ ਅਭਿਆਸ ਸੈਸ਼ਨ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ ਦੇ ਮੈਦਾਨ 'ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਹੋ ਗਿਆ ਸੀ। ਇਹ ਮੈਚ ਆਖ਼ਰੀ ਦਿਨ ਤਕ ਚਲਿਆ ਸੀ ਜਿੱਥੇ ਭਾਰਤ ਨੂੰ ਆਖ਼ਰੀ ਦਿਨ ਜਿੱਤ ਲਈ 9 ਵਿਕਟਾਂ ਚਾਹੀਦੀਆਂ ਸਨ ਪਰ ਨਿਊਜ਼ੀਲੈਂਡ ਦੇ ਖਿਡਾਰੀ ਰਚਿਨ ਰਵਿੰਦਰ ਨੇ ਆਖ਼ਰੀ ਵਿਕਟ ਦੇ ਲਈ ਏਜਾਜ਼ ਪਟੇਲ ਨਾਲ ਸਾਂਝੇਦਾਰੀ ਕੀਤੀ। ਦੋਵਾਂ ਨੇ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਨਹੀਂ ਦਿੱਤੀ ਤੇ ਮੈਚ ਬਚਾ ਲਿਆ।
ਇਸ ਮੈਚ ਦੇ ਡਰਾਅ ਹੋਣ ਨਾਲ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੈਸਟ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਮੈਚ ਡਰਾਅ ਹੋਣ ਨਾਲ ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਇਸ ਲਈ ਭਾਰਤ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਦੂਜਾ ਟੈਸਟ ਮੈਚ ਜਿੱਤਣਾ ਜ਼ਰੂਰੀ ਹੋਵੇਗਾ।