ਟੀਮ ਇੰਡੀਆ ਦਾ ਮੁਕਾਬਲਾ ਅੱਜ ਬੰਗਲਾਦੇਸ਼ ਨਾਲ, ਟਾਪ ਆਰਡਰ ਤੇ ਦੂਬੇ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ

Saturday, Jun 22, 2024 - 10:46 AM (IST)

ਟੀਮ ਇੰਡੀਆ ਦਾ ਮੁਕਾਬਲਾ ਅੱਜ ਬੰਗਲਾਦੇਸ਼ ਨਾਲ, ਟਾਪ ਆਰਡਰ ਤੇ ਦੂਬੇ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ

ਨਾਰਥ ਸਾਊਂਡ (ਏਂਟੀਗਾ)- ਜੇਤੂ ਰੱਥ ’ਤੇ ਸਵਾਰ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਦੇ ਮੈਚ ਵਿਚ ਸ਼ਨੀਵਾਰ ਨੂੰ ਆਪਣੇ ਸਟਾਰ ਬੱਲੇਬਾਜ਼ਾਂ ਦੇ ਫਾਰਮ ਵਿਚ ਪਰਤਣ ਦੀ ਆਸ ਦੇ ਨਾਲ ਬੰਗਲਾਦੇਸ਼ ਵਿਰੁੱਧ ਉਤਰੇਗੀ ਕਿਉਂਕਿ ਵਿਰੋਧੀ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਹਲਕੇ ਵਿਚ ਕਦੇ ਨਹੀਂ ਲਿਆ ਜਾ ਸਕਦਾ। ਦੋਵੇਂ ਟੀਮਾਂ ਦੇ ਇਕ-ਦੂਜੇ ਵਿਰੁੱਧ ਰਿਕਾਰਡ ਵਿਚ ਭਾਰਤ ਦਾ ਪੱਲੜਾ ਭਾਰੀ ਹੈ ਪਰ ਬੰਗਲਾਦੇਸ਼ ਉਲਟਫੇਰ ਕਰਨ ਵਿਚ ਮਾਹਿਰ ਹੈ ਤੇ ਟੀਮ ਇੰਡੀਆ ਨੂੰ ਇਸਦਾ ਬਾਖੂਬੀ ਇਲਮ ਹੈ।
ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਭਾਰਤੀ ਟੀਮ ਨੇ ਅਫਗਾਨਿਸਤਾਨ ਵਿਰੁੱਧ ਸੁਪਰ-8 ਦੇ ਪਹਿਲੇ ਮੈਚ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਬਾਕੀ ਦੋਵੇਂ ਮੈਚਾਂ ਵਿਚਾਲੇ ਜ਼ਿਆਦਾਤਰ ਫਰਕ ਨਹੀਂ ਹੈ, ਲਿਹਾਜ਼ਾ ਕਪਤਾਨ ਰੋਹਿਤ ਸ਼ਰਮਾ ਉਮੀਦ ਕਰ ਰਿਹਾ ਹੋਵੇਗਾ ਕਿ ਉਸਦੇ ਸਟਾਰ ਖਿਡਾਰੀ ਰੰਗ ਵਿਚ ਪਰਤਣ। ਵਿਰਾਟ ਕੋਹਲੀ ਤੇ ਰੋਹਿਤ ਨੇ ਚੰਗੀ ਸ਼ੁਰੂਆਤ ਕੀਤੀ ਪਰ ਵੱਡੀ ਪਾਰੀ ਅਜੇ ਤਕ ਨਹੀਂ ਖੇਡ ਸਕੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਸ਼ਿਵਮ ਦੂਬੇ ਨੂੰ ਵਿਚਾਲੇ ਦੇ ਤੇ ਡੈੱਥ ਓਵਰਾਂ ਵਿਚ ਛੱਕੇ ਲਗਾਉਣ ਲਈ ਟੀਮ ਵਿਚ ਰੱਖਿਆ ਗਿਆ ਸੀ ਪਰ ਅਜੇ ਤਕ ਉਹ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ। ਆਈ. ਪੀ.ਐੱਲ. ਵਿਚ ਜਿਸ ਫਾਰਮ ਕਾਰਨ ਉਸ ਨੂੰ ਭਾਰਤੀ ਟੀਮ ਵਿਚ ਜਗ੍ਹਾ ਦਿੱਤੀ ਗਈ ਸੀ, ਉਹ ਅਜੇ ਤਕ ਨਜ਼ਰ ਨਹੀਂ ਆਇਆ ਹੈ। ਉਸ ਨੇ ਅਮਰੀਕਾ ਵਿਰੁੱਧ ਗਰੁੱਪ ਮੈਚ ਵਿਚ ਅਜੇਤੂ 31 ਦੌੜਾਂ ਬਣਾਈਆਂ ਪਰ ਸੂਰਯਕੁਮਾਰ ਯਾਦਵ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੂੰ ਜਿੱਤ ਮਿਲੀ।
ਇਕ ਵਾਰ ਫਿਰ ਉਸਦੇ ਅਸਫਲ ਰਹਿਣ ’ਤੇ ਟੀਮ ਮੈਨੇਜਮੈਂਟ ਸੰਜੂ ਸੈਮਸਨ ਨੂੰ ਉਤਾਰਨ ਦਾ ਫੈਸਲਾ ਲੈ ਸਕਦੀ ਹੈ। ਅਫਗਾਨਿਸਤਾਨ ਵਿਰੁੱਧ ਮੈਚ ਵਿਚ ਹਾਰਦਿਕ ਪੰਡਯਾ ਦਾ ਬੱਲੇਬਾਜ਼ੀ ਫਾਰਮ ਵਿਚ ਪਰਤਣਾ ਸੁਖਦਾਇਕ ਰਿਹਾ। ਗੇਂਦਬਾਜ਼ੀ ਵਿਚ ਭਾਰਤ ਉਸੇ ਸੁਮੇਲ ਨੂੰ ਉਤਾਰ ਸਕਦਾ ਹੈ। ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੂੰ ਪਹਿਲੀ ਵਾਰ ਅਫਗਾਨਿਸਤਾਨ ਵਿਰੁੱਧ ਹੀ ਮੌਕਾ ਮਿਲਿਆ ਤੇ ਉਹ ਪ੍ਰਭਾਵਸ਼ਾਲੀ ਸਾਬਤ ਹੋਇਆ।
ਮੈਚ ਤੋਂ ਬਾਅਦ ਅਕਸ਼ਰ ਪਟੇਲ ਨੇ ਕਿਹਾ ਸੀ, ‘‘ਖੱਬੇ ਹੱਥ ਦੇ ਤਿੰਨ ਸਪਿਨਰਾਂ ਨੂੰ ਉਤਾਰਨ ਨਾਲ ਫਾਇਦਾ ਮਿਲਿਆ ਹੈ। ਇਨ੍ਹਾਂ ਵਿਚੋਂ ਇਕ ਆਰਮ ਸਪਿਨਰ ਤੇ ਦੋ ਉਂਗਲੀ ਦੇ ਸਪਿਨਰ ਹਨ। ਇਨ੍ਹਾਂ ਤਿੰਨਾਂ ਦਾ ਸੁਮੇਲ ਜ਼ਬਰਦਸਤ ਰਿਹਾ। ਸਾਡੇ ਕੋਲ ਚੰਗੀ ਟੀਮ ਹੈ ਤੇ ਸਾਡਾ ਤਾਲਮੇਲ ਬਿਹਤਰੀਨ ਹੈ। ਅਸੀਂ ਆਪਸ ਵਿਚ ਗੱਲ ਕਰਦੇ ਹਾਂ ਕਿ ਕੀ ਕਾਰਗਰ ਸਾਬਤ ਹੋ ਰਿਹਾ ਹੈ ਤੇ ਕੀ ਨਹੀਂ। ਇਕ ਇਕਾਈ ਦੇ ਰੂਪ ਵਿਚ ਗੇਂਦਬਾਜ਼ੀ ਕਰਨ ’ਤੇ ਇਹ ਬਹੁਤ ਜ਼ਰੂਰੀ ਹੈ।’’
ਵੈਸਟਇੰਡੀਜ਼ ਵਿਚ ਭਾਰਤ ਦਾ ਇਕਲੌਤਾ ਟੀਚਾ ਖਿਤਾਬ ਜਿੱਤਣਾ ਹੈ ਤੇ ਬੰਗਲਾਦੇਸ਼ ਵਿਰੁੱਧ ਚੰਗਾ ਪ੍ਰਦਰਸ਼ਨ ਉਸੇ ਸਿਲਸਿਲੇ ਵਿਚ ਅਗਲਾ ਕਦਮ ਹੋਵੇਗਾ ਕਿਉਂਕਿ 24 ਜੂਨ ਨੂੰ ਸਾਹਮਣਾ ਆਸਟ੍ਰੇਲੀਆ ਨਾਲ ਹੈ। ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਅਜੇ ਤਕ ਨਿਰਾਸ਼ ਕੀਤਾ ਹੈ ਤੇ ਉਸ ਨੂੰ ਉਮੀਦਾਂ ਬਰਕਰਾਰ ਰੱਖਣ ਲਈ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਉਸ ਨੂੰ ਟੀਮ ਵਿਚ ਪਾਵਰ ਹਿਟਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਸਲਾਮੀ ਬੱਲੇਬਾਜ਼ ਲਿਟਨ ਦਾਸ ਤੇ ਤੰਜੀਦ ਖਾਨ ਦੇ ਖਰਾਬ ਪ੍ਰਦਰਸ਼ਨ ਨੇ ਵੀ ਉਸਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਬੰਗਲਾਦੇਸ਼ ਦੇ ਬੱਲੇਬਾਜ਼ਾਂ ਦੇ ਸਾਹਮਣੇ ਚੁਣੌਤੀ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਦੀ ਵੀ ਹੈ ਜਿਹੜਾ ਹੁਣ ਤਕ ਬਿਹਤਰੀਨ ਫਾਰਮ ਵਿਚ ਹੈ ਤੇ ਉਸਦੀ ਇਕਾਨਮੀ ਰੇਟ 3.46 ਰਹੀ ਹੈ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ-
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਬੰਗਲਾਦੇਸ਼ : ਨਜ਼ਮੁਲ ਹਸਨ ਸ਼ਾਂਟੋ (ਕਪਤਾਨ), ਤਸਕੀਨ ਅਹਿਮਦ, ਲਿਟਨ ਦਾਸ, ਸੌਮਿਆ ਸਰਕਾਰ, ਤੰਜੀਦ ਹਸਨ ਤਮੀਮ, ਸ਼ਾਕਿਬ ਅਲ ਹਸਨ, ਤੌਹੀਦ ਹ੍ਰਿਦਯ ਮਹਿਮੂਦ ਉੱਲ੍ਹਾ ਰਿਆਦ, ਜੈਕਰ ਅਲੀ ਅਨਿਕ, ਤਨਵੀਰ ਇਸਲਾਮ, ਸ਼ਾਕ ਮਹੇਦੀ ਹਸਨ, ਰਿਸ਼ਾਦ ਹੁਸੈਨ, ਮੁਸਤਾਫਿਜ਼ੁਰ ਰਹਿਮਾਨ, ਸ਼ੋਰੀਫੁਲ ਇਸਲਾਮ, ਤੰਜੀਮ ਹਸਨ ਸ਼ਾਕਿਬ।


author

Aarti dhillon

Content Editor

Related News