IND vs AUS : 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਅੱਜ

01/14/2020 2:27:02 AM

ਮੁੰਬਈ— ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਵਿਰੁੱਧ ਸਫਲ ਪ੍ਰਦਰਸ਼ਨ ਤੋਂ ਬਾਅਦ ਹੁਣ ਘਰੇਲੂ ਮੈਦਾਨ 'ਤੇ ਮੰਗਲਵਾਰ ਤੋਂ ਵਾਨਖੇੜੇ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਵਿਚ ਆਸਟਰੇਲੀਆ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨ ਲਈ ਉਤਰੇਗੀ, ਜਿੱਥੇ ਮਹਿਮਾਨ ਟੀਮ ਦਾ ਮਜ਼ਬੂਤ ਬੱਲੇਬਾਜ਼ੀ ਕ੍ਰਮ ਤੇ ਮੇਜ਼ਬਾਨ ਟੀਮ ਦੇ ਧਾਕੜ ਗੇਂਦਬਾਜ਼ ਆਹਮੋ-ਸਾਹਮਣੇ ਹੋਣਗੇ। ਆਸਟਰੇਲੀਆਈ ਟੀਮ ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ਵਿਚ ਕਮਾਲ ਦੇ ਪ੍ਰਦਰਸ਼ਨ ਤੇ 3-0 ਦੀ ਕਲੀਨ ਸਵੀਪ ਤੋਂ ਬਾਅਦ ਭਾਰਤ ਦੌਰੇ 'ਤੇ ਪਹੁੰਚੀ ਹੈ, ਜਿਸ ਵਿਚ ਉਸ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ, ਡੇਵਿਡ ਵਾਰਨਰ ਵਰਗੇ ਧਾਕੜ ਬੱਲੇਬਾਜ਼ਾਂ ਤੋਂ ਬਾਅਦ ਉਸ ਦੀ ਨਵੀਂ ਸਨਸਨੀ ਮਾਰਨਸ ਲਾਬੂਚਾਨੇ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹਨ।
ਲਾਬੂਚਾਨੇ ਨੇ ਟੈਸਟ ਦੇ ਇਕ ਘਰੇਲੂ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਦੇ ਆਸਟਰੇਲੀਆਈ ਰਿਕਾਰਡ ਵਿਚ ਸਭ ਤੋਂ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਸੀ ਪਰ ਹੁਣ ਸਾਰੇ ਦੇਖਣਾ ਚਾਹੁੰਦੇ ਹਨ ਕਿ ਉਹ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ। ਇਨ੍ਹਾਂ ਪਿੱਚਾਂ 'ਤੇ ਬੱਲੇਬਾਜ਼ ਲਾਬੂਚਾਨੇ ਲਈ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਇਕ ਵੱਡੀ ਚੁਣੌਤੀ ਤਾਂ ਹੋਵੇਗੀ ਹੀ, ਨਾਲ ਹੀ ਜੇਕਰ ਉਹ ਇੱਥੇ ਸਫਲ ਹੁੰਦਾ ਹੈ ਤਾਂ ਆਸਟਰੇਲੀਆਈ ਟੀਮ ਵਿਚ ਉਸ ਦੀ ਬਾਦਸ਼ਾਹਤ ਵੀ ਕਾਇਮ ਹੋ ਜਾਵੇਗੀ।
ਵਾਰਨਰ ਤੇ ਸਮਿਥ ਦੋਵਾਂ ਨੂੰ ਹੀ ਭਾਰਤੀ ਪਿੱਚਾਂ 'ਤੇ ਖੇਡਣ ਦਾ ਕਾਫੀ ਤਜਰਬਾ ਹੈ, ਜਿਹੜਾ ਆਗਾਮੀ ਸੀਰੀਜ਼ ਵਿਚ ਅਹਿਮ ਹੋਵੇਗਾ। ਸਮਿਥ ਟੀਮ ਵਿਚ ਬੱਲੇਬਾਜ਼ੀ ਕ੍ਰਮ ਵਿਚ ਤੀਜੇ ਕ੍ਰਮ 'ਤੇ ਬੱਲੇਬਾਜ਼ੀ ਲਈ ਉਤਰੇਗਾ, ਜਦਕਿ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਵੀ ਇਸੇ ਕ੍ਰਮ 'ਤੇ ਖੇਡਦਾ ਹੈ । ਓਪਨਿੰਗ ਕ੍ਰਮ ਵਿਚ ਮੇਜ਼ਬਾਨ ਟੀਮ ਕੋਲ ਲੋਕੇਸ਼ ਰਾਹੁਲ, ਸ਼ਿਖਰ ਧਵਨ ਤੇ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਵਿਚਾਲੇ ਚੋਣ ਸਿਰਦਰਦ ਹੋ ਸਕਦਾ ਹੈ, ਤਿੰਨੋਂ ਹੀ ਬੱਲੇਬਾਜ਼ ਫਿਲਹਾਲ ਵਧੀਆ ਫਾਰਮ ਵਿਚ ਹਨ।
ਭਾਰਤ ਨੇ ਆਪਣੇ ਮੈਦਾਨ 'ਤੇ ਆਖਰੀ ਵਨ ਡੇ ਸੀਰੀਜ਼ ਵੈਸਟਇੰਡੀਜ਼ ਤੋਂ 2-1 ਨਾਲ ਜਿੱਤੀ ਸੀ। ਇਸ ਸੀਰੀਜ਼ ਵਿਚ ਟੀਮ ਦੀ ਫੀਲਡਿੰਗ ਚਿੰਤਾ ਦਾ ਵਿਸ਼ਾ ਰਹੀ ਸੀ ਤੇ ਹੁਣ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਵਿਰੁੱਧ ਉਸ ਨੂੰ ਇਨ੍ਹਾਂ ਗਲਤੀਆਂ ਵਿਚ ਵੱਡੇ ਸੁਧਾਰ ਦੇ ਨਾਲ ਉਤਰਨਾ ਪਵੇਗਾ। ਭਾਰਤ ਇਸ ਸੀਰੀਜ਼ ਵਿਚ ਆਪਣੀ ਮਜ਼ਬੂਤ ਟੀਮ ਨਾਲ ਉਤਰ ਰਹੀ ਹੈ ਤੇ ਵਿਰਾਟ, ਧਵਨ ਤੇ ਰੋਹਿਤ ਦੇ ਰੂਪ ਵਿਚ ਉਸ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ।
ਭਾਰਤੀ ਕਪਤਾਨ ਵਿਰਾਟ ਤੇ ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਮਿਥ ਵਿਚਾਲੇ ਹਮੇਸ਼ਾ ਤੋਂ ਮੈਦਾਨ 'ਤੇ ਮੁਕਾਬਲੇਬਾਜ਼ੀ ਦੇਖੀ ਗਈ ਹੈ, ਜਿਹੜੀ ਇਸ ਸੀਰੀਜ਼ ਵਿਚ ਵੀ ਦਰਸ਼ਕਾਂ ਲਈ ਬਹੁਤ ਰੋਮਾਂਚਕਾਰੀ ਮੰਨੀ ਜਾ ਰਹੀ ਹੈ, ਉਥੇ ਹੀ ਵਾਰਨਰ ਵੀ ਓਪਨਿੰਗ ਕ੍ਰਮ ਵਿਚ ਕਮਾਲ ਦੀ ਫਾਰਮ ਵਿਚ ਖੇਡ ਰਿਹਾ ਹੈ, ਜਦਕਿ ਸ਼੍ਰੀਲੰਕਾ ਨਾਲ ਟੀ-20 ਸੀਰੀਜ਼ ਵਿਚ ਆਰਾਮ ਤੋਂ ਬਾਅਦ ਰੋਹਿਤ ਦੀ ਵਾਪਸੀ ਨਾਲ ਟੀਮ ਇੰਡੀਆ ਨੂੰ ਮਜ਼ਬੂਤੀ ਮਿਲੀ ਹੈ। ਮੱਧਕ੍ਰਮ ਵਿਚ ਵਿਕਟਕੀਪਰ ਰਿਸ਼ਭ ਪੰਤ ਲਈ ਵੀ ਇਹ ਖੁਦ ਨੂੰ ਸਾਬਤ ਕਰਨ ਦੇ ਲਿਹਾਜ਼ ਨਾਲ ਅਹਿਮ ਸੀਰੀਜ਼ ਹੋਵੇਗੀ।
ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਭਾਰਤੀ ਪਿੱਚਾਂ 'ਤੇ ਹਮੇਸ਼ਾ ਤੋਂ ਸਪਿਨਰਾਂ ਦੀ ਭੂਮਿਕਾ ਅਹਿਮ ਰਹੀ ਹੈ ਤੇ ਅਜਿਹੀ ਹਾਲਤ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੇ ਰੂਪ ਵਿਚ ਟੀਮ ਕੋਲ ਦੋ ਮਾਹਿਰ ਸਪਿਨਰ ਮੌਜੂਦ ਹਨ ਤੇ ਆਲਰਾਊਂਡਰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਵੀ ਉਪਯੋਗੀ ਸਾਬਤ ਹੋ ਸਕਦਾ ਹੈ, ਜਿਹੜਾ ਹੇਠਲੇਕ੍ਰਮ ਵਿਚ ਵਧੀਆ ਬੱਲੇਬਾਜ਼ ਵੀ ਹੈ।
ਖੁਦ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਵੀ ਭਾਰਤ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਭਾਰਤੀ ਪਿੱਚਾਂ ਆਸਟਰੇਲੀਆ ਤੋਂ ਬਿਲਕੁਲ ਵੱਖ ਹਨ ਤੇ ਇਹ ਹਰੀਆਂ ਨਹੀਂ ਹੁੰਦੀਆਂ, ਜਿੱਥੇ ਪੇਸ ਕੱਢਣਾ ਮੁਸ਼ਕਿਲ ਹੈ, ਅਜਿਹੀ ਹਾਲਤ ਵਿਚ ਸਪਿਨਰਾਂ ਨੂੰ ਕਾਫੀ ਮਦਦ ਮਿਲੇਗੀ। ਹਾਲਾਂਕਿ ਮੇਜ਼ਬਾਨ ਟੀਮ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਨਵਦੀਪ ਸੈਣੀ ਦੇ ਰੂਪ ਵਿਚ ਵਧੀਆ ਤੇਜ਼ ਗੇਂਦਬਾਜ਼ੀ ਕ੍ਰਮ ਮੌਜੂਦ ਹੈ, ਜਿਹੜਾ ਆਸਟਰੇਲੀਆ ਦੇ ਬੱਲੇਬਾਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ
- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਰਿਸ਼ਭ ਪੰਤ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸ਼ੰਮੀ।
ਆਸਟਰੇਲੀਆ- ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ੍ਰਿਕ ਕਮਿੰਸ, ਐਸ਼ਟਨ ਐਗਰ, ਪੀਟਰ ਹੈਂਡਸਕੌਂਬ, ਜੋਸ਼ ਹੇਜ਼ਲਵੁਡ, ਮਾਰਨਸ ਲਾਬੂਚਾਨੇ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜ਼ਾਂਪਾ।


Gurdeep Singh

Content Editor

Related News