IND vs AUS : ਚੌਥੇ ਟੈਸਟ ’ਚ ਵੀ ਕਪਤਾਨੀ ਕਰੇਗਾ ਸਮਿਥ, ਕਮਿੰਸ ਬੀਮਾਰ ਮਾਂ ਕੋਲ ਆਸਟਰੇਲੀਆ ’ਚ
Tuesday, Mar 07, 2023 - 04:09 PM (IST)
ਅਹਿਮਦਾਬਾਦ (ਭਾਸ਼ਾ)– ਆਸਟਰੇਲੀਆ ਦਾ ਨਿਯਮਤ ਕਪਤਾਨ ਪੈਟ ਕਮਿੰਸ ਆਪਣੀ ਬੀਮਾਰ ਮਾਂ ਕੋਲ ਆਸਟਰੇਲੀਆ ’ਚ ਹੀ ਹੈ ਤੇ ਉਸਦੀ ਗੈਰ-ਮੌਜੂਦਗੀ ’ਚ ਚੌਥੇ ਤੇ ਆਖਰੀ ਟੈਸਟ ’ਚ ਸਟੀਵ ਸਮਿਥ ਹੀ ਕਪਤਾਨੀ ਕਰੇਗਾ। ਕਮਿੰਸ ਦੀ ਗੈਰ-ਹਾਜ਼ਰੀ ’ਚ ਸਮਿਥ ਨੇ ਇੰਦੌਰ ਟੈਸਟ ’ਚ ਵੀ ਟੀਮ ਦੀ ਕਮਾਨ ਸੰਭਾਲੀ ਸੀ।
ਦਿੱਲੀ ਟੈਸਟ ਤੋਂ ਬਾਅਦ ਕਮਿੰਸ ਆਪਣੀ ਮਾਂ ਦੇ ਬੀਮਾਰ ਹੋਣ ਦੇ ਕਾਰਨ ਵਤਨ ਪਰਤ ਗਿਆ ਸੀ। ਕਮਿੰਸ ਹੁਣ ਵੀ ਸਿਡਨੀ ’ਚ ਹੀ ਹੈ। ਆਖਰੀ ਟੈਸਟ ਤੋਂ ਬਾਅਦ ਤਿੰਨ ਵਨ ਡੇ ਮੈਚ ਖੇਡੇ ਜਾਣੇ ਹਨ ਤੇ ਕਮਿੰਸ ਦੇ ਖੇਡਣ ਨੂੰ ਲੈ ਕੇ ਫੈਸਲਾ ਬਾਅਦ ’ਚ ਹੋਵੇਗਾ। ਸਮਿਥ ਦੀ ਕਪਤਾਨੀ ’ਚ ਆਸਟਰੇਲੀਆ ਨੇ ਇੰਦੌਰ ਟੈਸਟ 9 ਵਿਕਟਾਂ ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ : ਅਹਿਮਦਾਬਾਦ ਟੈਸਟ 'ਚ ਭਾਰਤ ਰਚ ਸਕਦੈ ਇਤਿਹਾਸ, IND ਤੇ AUS ਦੇ ਪ੍ਰਧਾਨ ਮੰਤਰੀ ਰਹਿਣਗੇ ਮੌਜੂਦ
ਭਾਰਤ ਲੜੀ ’ਚ 2-1 ਨਾਲ ਅੱਗੇ ਹੈ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਲਈ ਉਸ ਨੂੰ ਆਖਰੀ ਟੈਸਟ ਜਿੱਤਣਾ ਹੀ ਪਵੇਗਾ। ਆਸਟਰੇਲੀਆ ਜੂਨ ’ਚ ਲੰਡਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ।
ਸਮਿਥ ਨੇ ਇੰਦੌਰ ਟੈਸਟ ਤੋਂ ਬਾਅਦ ਕਿਹਾ ਸੀ ਕਿ ਉਸ ਨੇ ਕਪਤਾਨੀ ਦਾ ਪੂਰਾ ਮਜ਼ਾ ਲਿਆ ਪਰ ਇਹ ਕਮਿੰਸ ਦੀ ਟੀਮ ਹੈ। ਉਸ ਨੇ ਕਿਹਾ, ‘‘ਮੇਰਾ ਸਮਾਂ ਨਿਕਲ ਗਿਆ ਹੈ। ਹੁਣ ਇਹ ਪੈਟ ਦੀ ਟੀਮ ਹੈ। ਉਸ ਨੂੰ ਮੁਸ਼ਕਿਲ ਹਾਲਾਤ ’ਚ ਘਰ ਜਾਣਾ ਪਿਆ। ਸਾਡੀਆਂ ਸੰਵੇਦਨਾਵਾਂ ਉਸ ਦੇ ਨਾਲ ਹਨ।’’ਉਸ ਨੇ ਕਿਹਾ, ‘‘ਮੈਨੂੰ ਭਾਰਤ ’ਚ ਕਪਤਾਨੀ ਕਰਨਾ ਪਸੰਦ ਹੈ। ਹਰ ਗੇਂਦ ਰੋਮਾਂਚਕ ਹੁੰਦੀ ਹੈ ਤੇ ਕਾਫੀ ਮਜ਼ਾ ਆਉਂਦਾ ਹੈ।’’ 17 ਮਾਰਚ ਤੋਂ ਸ਼ੁਰੂ ਹੋ ਰਹੀ ਵਨ ਡੇ ਲੜੀ ਲਈ ਜ਼ਖਮੀ ਝਾਏ ਰਿਚਰਡਸਨ ਦੀ ਜਗ੍ਹਾ ਨਾਥਨ ਐਲਿਸ ਟੀਮ ’ਚ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।