IND vs AUS : ਬੁਮਰਾਹ ਦੇ ਬਚਾਅ ''ਚ ਉਤਰਿਆ ਲੋਕੇਸ਼ ਰਾਹੁਲ

Monday, Nov 30, 2020 - 07:52 PM (IST)

IND vs AUS : ਬੁਮਰਾਹ ਦੇ ਬਚਾਅ ''ਚ ਉਤਰਿਆ ਲੋਕੇਸ਼ ਰਾਹੁਲ

ਸਿਡਨੀ– ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਲੋਕੇਸ਼ ਰਾਹੁਲ ਨੇ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਗਵਾਉਣ ਤੋਂ ਬਾਅਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਹੋ ਰਹੀ ਆਲੋਚਨਾ 'ਤੇ ਉਸਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਜਲਦ ਵਾਪਸੀ ਕਰੇਗਾ।

PunjabKesari
ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਧੁਰੀ ਬੁਮਰਾਹ ਆਸਟਰੇਲੀਆ ਵਿਰੁੱਧ ਮੌਜੂਦਾ ਸੀਰੀਜ਼ ਦੇ 2 ਮੈਚਾਂ ਵਿਚ ਹੁਣ ਤਕ ਕੁਝ ਖਾਸ ਕਮਾਲ ਨਹੀਂ ਕਰ ਸਕਿਆ ਹੈ। ਉਸ ਨੇ ਪਹਿਲੇ ਮੁਕਾਬਲੇ ਵਿਚ 10 ਓਵਰਾਂ ਵਿਚ 73 ਦੌੜਾਂ ਦੇ ਕੇ 1 ਵਿਕਟ ਤੇ ਦੂਜੇ ਮੈਚ ਵਿਚ 10 ਓਵਰਾਂ ਵਿਚ 79 ਦੌੜਾਂ ਦੇ ਕੇ ਇਕ ਵਿਕਟ ਲਈ। ਦੋ ਮੈਚਾਂ ਵਿਚ 20 ਓਵਰਾਂ ਦੀ ਗੇਂਦਬਾਜ਼ੀ ਵਿਚ 152 ਦੌੜਾਂ ਖਰਚ ਕਰਨ ਵਾਲਾ ਬੁਮਰਾਹ ਮੌਜੂਦਾ ਸੀਰੀਜ਼ ਵਿਚ ਟੀਮ ਇੰਡੀਆ ਦਾ ਸਭ ਤੋਂ ਮਹਿੰਗਾ ਤੇਜ਼ ਗੇਂਦਬਾਜ਼ ਸਾਬਤ ਹੋਇਆ ਹੈ, ਜਿਸ ਤੋਂ ਬਾਅਦ ਕ੍ਰਿਕਟ ਜਗਤ ਵਿਚ ਸਵਾਲ ਉਠ ਰਿਹਾ ਹੈ ਕਿ ਆਈ. ਪੀ. ਐੱਲ. ਵਿਚ ਜ਼ਬਰਦਸਤ ਗੇਂਦਬਾਜ਼ੀ ਕਰਨ ਵਾਲਾ ਇਹ ਤੇਜ਼ ਗੇਂਦਬਾਜ਼ ਵਨ ਡੇ ਵਿਚ ਸੰਘਰਸ਼ ਕਿਉਂ ਕਰ ਰਿਹਾ ਹੈ।
ਵੈਸੇ ਬੁਮਰਾਹ ਹੀ ਨਹੀਂ ਭਾਰਤ ਦੇ ਹਰ ਗੇਂਦਬਾਜ਼ ਨੂੰ ਇਸ ਦੌਰੇ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ। ਆਸਟਰੇਲੀਆ ਨੇ ਪਹਿਲੇ ਮੈਚ ਵਿਚ 374 ਤੇ ਦੂਜੇ ਮੈਚ ਵਿਚ 389 ਦੌੜਾਂ ਬਣਾਈਆਂ ਸਨ ਪਰ ਟੀਮ ਇੰਡੀਆ ਦੇ ਮੁੱਖ ਗੇਂਦਬਾਜ਼ ਹੋਣ ਦੇ ਨਾਤੇ ਬੁਮਰਾਹ 'ਤੇ ਹੀ ਵੱਧ ਸਵਾਲ ਉਠਾਏ ਜਾ ਰਹੇ ਹਨ।

PunjabKesari
ਰਾਹੁਲ ਨੇ ਬੁਮਰਾਹ ਦਾ ਬਚਾਅ ਕਰਦੇ ਹੋਏ ਕਿਹਾ,''ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੁਮਰਾਹ ਦੀ ਸਮਰੱਥਾ ਕੀ ਹੈ ਤੇ ਉਹ ਮੈਦਾਨ ਵਿਚ ਕਾਫੀ ਮੁਕਾਬਲੇਬਾਜ਼ ਹੈ। ਉਸ ਨੂੰ ਖੁਦ ਤੋਂ ਕਾਫੀ ਉਮੀਦਾਂ ਹੁੰਦੀਆਂ ਹਨ। ਨਿਊਜ਼ੀਲੈਂਡ ਦੌਰੇ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਤੇ ਮੈਨੂੰ ਯਕੀਨ ਹੈ ਕਿ ਉਸ ਨੇ ਇਸ ਤੋਂ ਬਾਅਦ ਕਾਫੀ ਚੰਗੀ ਤਿਆਰੀ ਕੀਤੀ ਹੋਵੇਗੀ। ਟੀਮ ਵਿਚ ਸਾਰਿਆਂ ਨੂੰ ਬੁਮਰਾਹ ਦੇ ਮਹੱਤਵ ਦਾ ਪਤਾ ਹੈ।''
ਬੁਮਰਾਹ ਇਸ ਸਾਲ ਨਿਊਜ਼ੀਲੈਂਡ ਦੌਰੇ 'ਤੇ ਵੀ ਫਲਾਪ ਸਾਬਤ ਹੋਇਆ ਸੀ। ਉਸ ਨੇ 3 ਮੈਚਾਂ ਵਿਚ ਕੁਲ 30 ਓਵਰਾਂ ਦੀ ਗੇਂਦਬਾਜ਼ੀ ਕੀਤੀ, ਜਿਸ ਵਿਚ ਉਸ ਨੂੰ 167 ਦੌੜਾਂ ਪਈਆਂ ਸਨ ਤੇ ਉਸਦੀ ਝੋਲੀ ਵਿਚ ਇਕ ਵੀ ਵਿਕਟ ਨਸੀਬ ਨਹੀਂ ਹੋਈ ਸੀ। ਪਿਛਲੇ 9 ਵਨ ਡੇ ਮੈਚਾਂ ਵਿਚ ਬੁਮਰਾਹ ਨੂੰ ਸਿਰਫ 4 ਵਿਕਟਾਂ ਮਿਲੀਆਂ ਹਨ। ਉਸ ਨੂੰ ਇਕ ਮੈਚ ਵਿਚ ਇਕ ਤੋਂ ਵੱਧ ਵਿਕਟ ਲਈ ਹੋਏ 10 ਮੈਚ ਹੋ ਗਏ ਹਨ। ਬੁਮਰਾਹ ਦੇ ਖਰਾਬ ਪ੍ਰਦਰਸ਼ਨ ਨਾਲ ਟੀਮ ਇੰਡੀਆ ਭਾਰੀ ਦਬਾਅ ਵਿਚ ਹੈ ਪਰ ਰਾਹੁਲ ਨੇ ਉਸ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਉਹ ਜਲਦ ਵਾਪਸੀ ਕਰੇਗਾ।
ਰਾਹੁਲ ਨੇ ਕਿਹਾ,''ਸਾਨੂੰ ਪੂਰੀ ਉਮੀਦ ਹੈ ਕਿ ਬੁਮਰਾਹ ਵਰਗਾ ਚੈਂਪੀਅਨ ਖਿਡਾਰੀ ਵਾਪਸੀ ਕਰੇਗਾ ਤੇ ਸਾਡੇ ਲਈ ਵਿਕਟਾਂ ਲਵੇਗਾ। ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਵੱਖ-ਵੱਖ ਤਰ੍ਹਾਂ ਦੇ ਹਾਲਾਤ ਹੁੰਦੇ ਹਨ । ਇੱਥੋਂ ਦੀ ਵਿਕਟ ਬੱਲੇਬਾਜ਼ੀ ਦੇ ਮੁਤਾਬਕ ਹੈ। ਇੱਥੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਮੁੱਖ ਗੇਂਦਬਾਜ਼ ਵਿਕਟ ਲਈ ਤਰਸ ਜਾਂਦੇ ਹਨ। ਇਸ ਵਿਚ ਅਜਿਹਾ ਕੁਝ ਅਨੋਖਾ ਨਹੀਂ ਹੈ।'


author

Gurdeep Singh

Content Editor

Related News