IND vs AUS : ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ ਭਲਕੇ, ਇਨ੍ਹਾਂ ਖਿਡਾਰੀਆਂ ''ਤੇ ਰਹਿਣਗੀਆਂ ਨਜ਼ਰਾਂ

Saturday, Dec 02, 2023 - 09:51 PM (IST)

IND vs AUS : ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ ਭਲਕੇ, ਇਨ੍ਹਾਂ ਖਿਡਾਰੀਆਂ ''ਤੇ ਰਹਿਣਗੀਆਂ ਨਜ਼ਰਾਂ

ਬੈਂਗਲੁਰੂ, (ਭਾਸ਼ਾ)– ਲੜੀ ’ਚ ਪਹਿਲਾਂ ਹੀ ਅਜੇਤੂ ਬੜ੍ਹਤ ਹਾਸਲ ਕਰ ਚੁੱਕੀ ਭਾਰਤੀ ਟੀਮ ਆਸਟਰੇਲੀਆ ਵਿਰੁੱਧ ਐਤਵਾਰ ਨੂੰ ਇੱਥੇ ਹੋਣ ਵਾਲੇ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਦੌਰੇ ਨੂੰ ਧਿਆਨ ਵਿਚ ਰੱਖ ਕੇ ਸ਼੍ਰੇਅਸ ਅਈਅਰ ਤੇ ਦੀਪਕ ਚਾਹਰ ਦੇ ਪ੍ਰਦਰਸ਼ਨ ’ਤੇ ਵਿਸ਼ੇਸ਼ ਗੌਰ ਕਰੇਗੀ। ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ 10 ਦਸੰਬਰ ਤੋਂ ਟੀ-20 ਲੜੀ ਖੇਡਣੀ ਹੈ, ਜਿਸ ਵਿਚ ਅਈਅਰ ਤੇ ਚਾਹਰ ਦੀ ਭੂਮਿਕਾ ਅਹਿਮ ਹੋਵੇਗੀ। 

ਅਈਅਰ ਨੇ ਵਨ ਡੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਆਸਟਰੇਲੀਆ ਵਿਰੁੱਧ ਰਾਏਪੁਰ ਵਿਚ ਸ਼ੁੱਕਰਵਾਰ ਨੂੰ ਉਸ ਨੇ ਪਿਛਲੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਆਪਣਾ ਪਹਿਲਾ ਟੀ-20 ਕੌਮਾਂਤਰੀ ਮੈਚ ਖੇਡਿਆ। ਇਸ ਮੈਚ ਵਿਚ ਉਸ ਨੇ 7 ਗੇਂਦਾਂ ਦਾ ਸਾਹਮਣਾ ਕਰਕੇ 8 ਦੌੜਾਂ ਬਣਾਈਆਂ, ਜਿਨ੍ਹਾਂ ਵਿਚ ਕੋਈ ਵੀ ਬਾਊਂਡਰੀ ਸ਼ਾਮਲ ਨਹੀਂ ਹੈ। ਇਸ ਲਈ ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਅਈਅਰ ਚਿੰਨਾਸਵਾਮੀ ਸਟੇਡੀਅਮ ਵਿਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਕੁਝ ਦਿਨ ਪਹਿਲਾਂ ਹੀ ਵਨ ਡੇ ਵਿਸ਼ਵ ਕੱਪ ਵਿਚ ਇਸ ਮੈਦਾਨ ’ਤੇ ਨੀਦਰਲੈਂਡ ਵਿਰੁੱਧ ਸੈਂਕੜਾ ਲਾਇਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ

ਅਈਅਰ ਦੀ ਤਰ੍ਹਾਂ ਚਾਹਰ ਨੇ ਵੀ ਜ਼ਖ਼ਮੀ ਹੋਣ ਕਾਰਨ ਲੰਬੇ ਸਮੇਂ ਤਕ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ ਹੈ। ਰਾਏਪੁਰ ਵਿਚ ਖੇਡਿਆ ਗਿਆ ਮੈਚ ਉਸਦਾ ਟੀ-20 ਸਵਰੂਪ ਵਿਚ ਭਾਰਤ ਵਲੋਂ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲਾ ਮੈਚ ਸੀ। ਇਸ 31 ਸਾਲਾ ਤੇਜ਼ ਗੇਂਦਬਾਜ਼ ਨੇ ਟਿਮ ਡੇਵਿਡ ਤੇ ਮੈਥਿਊ ਸ਼ਾਰਟ ਦੀਆਂ ਵਿਕਟਾਂ ਲੈ ਕੇ ਪ੍ਰਭਾਵ ਪਾਇਆ ਪਰ ਉਸ ਨੇ ਆਪਣੇ 4 ਓਵਰਾਂ ਦੇ ਕੋਟੇ ਵਿਚ 44 ਦੌੜਾਂ ਦੇ ਦਿੱਤੀਆਂ। ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਉਸਦੇ ਅਨੁਕੂਲ ਨਹੀਂ ਹੋ ਸਕਦੀ ਹੈ ਪਰ ਆਪਣੀ ਵਿਲੱਖਣਤਾ ਭਰਪੂਰ ਗੇਂਦਬਾਜ਼ੀ ਕਾਰਨ ਚਾਹਰ ਸਫਲਤਾ ਹਾਸਲ ਕਰ ਸਕਦਾ ਹੈ।

ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਟੀਮ ਮੈਨੇਜਮੈਂਟ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਨੂੰ ਵੀ ਇਸ ਮੈਚ ਵਿਚ ਮੌਕਾ ਦੇ ਸਕਦੀ ਹੈ। ਵਾਸ਼ਿੰਗਟਨ ਵੀ ਪਿਛਲੇ ਕੁਝ ਸਮੇਂ ਤੋਂ ਸੱਟਾਂ ਤੋਂ ਪ੍ਰੇਸ਼ਾਨ ਰਿਹਾ ਹੈ। ਉਸ ਨੂੰ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ।

ਭਾਰਤ ਵਲੋਂ ਬੱਲੇਬਾਜ਼ੀ ਵਿਚ ਕਪਤਾਨ ਸੂਰਿਆਕੁਮਾਰ ਯਾਦਵ, ਰਿਤੂਰਾਜ ਗਾਇਕਵਾੜ, ਰਿੰਕੂ ਸਿੰਘ, ਯਸ਼ਸਵੀ ਜਾਇਸਵਾਲ ਤੇ ਈਸ਼ਾਨ ਕਿਸ਼ਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਛਲੇ ਮੈਚ ਵਿਚ ਕਿਸ਼ਨ ਦੀ ਜਗ੍ਹਾ ਖੇਡਣ ਵਾਲੇ ਜਿਤੇਸ਼ ਸ਼ਰਮਾ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਗੇਂਦਬਾਜ਼ੀ ਵਿਚ ਰਵੀ ਬਿਸ਼ਨੋਈ ਨੇ ਅਜੇ ਤਕ 7 ਵਿਕਟਾਂ ਲੈ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਰੇਣੁਕਾ ਸਿੰਘ ਦੀ ਟੀਮ ਇੰਡੀਆ 'ਚ ਵਾਪਸੀ, ਇੰਗਲੈਂਡ ਖ਼ਿਲਾਫ਼ ਹੋਣੀ ਹੈ ਟੀ-20 ਅਤੇ ਵਨਡੇ ਸੀਰੀਜ਼

ਦੂਜੇ ਪਾਸੇ ਆਸਟਰੇਲੀਆ ਦੀ ਟੀਮ ਨੇ ਅਜੇ ਤਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਹੈ। ਉਸਦੀ ਟੀਮ ਜਿੱਤ ਨਾਲ ਲੜੀ ਦਾ ਅੰਤ ਕਰਕੇ ਵਤਨ ਪਰਤਣਾ ਚਾਹੇਗੀ।

ਟੀਮਾਂ -

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸ਼੍ਰੇਅਸ ਅਈਅਰ (ਉਪ ਕਪਤਾਨ), ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਣਾ, ਆਵੇਸ਼ ਖਾਨ, ਮੁਕੇਸ਼ ਕਮਾਰ।

ਆਸਟਰੇਲੀਆ : ਮੈਥਿਊ ਵੇਡ (ਕਪਤਾਨ), ਜੈਸਨ ਬਹਿਰਨਡ੍ਰੌਫ, ਟਿਮ ਡੇਵਿਡ, ਬੇਨ ਡਵਾਰਸ਼ੂਈਸ, ਨਾਥਨ ਐਲਿਸ, ਕ੍ਰਿਸ ਗ੍ਰੀਨ, ਆਰੋਨ ਹਾਰਡੀ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਜੋਸ਼ ਫਿਲਿਪ, ਤਨਵੀਰ ਸੰਘਾ, ਮੈਟ ਸ਼ਾਰਟ, ਕੇਨ ਰਿਚਰਡਸਨ।


author

Tarsem Singh

Content Editor

Related News