IND vs AUS : ਐਲਕਸ ਕੈਰੀ ਨੇ ਬੁਮਰਾਹ ਐਂਡ ਕੰਪਨੀ ਖਿਲਾਫ ਆਪਣੀ ਤਿਆਰੀ ਬਾਰੇ ਦੱਸਿਆ

Wednesday, Dec 04, 2024 - 02:46 PM (IST)

IND vs AUS : ਐਲਕਸ ਕੈਰੀ ਨੇ ਬੁਮਰਾਹ ਐਂਡ ਕੰਪਨੀ ਖਿਲਾਫ ਆਪਣੀ ਤਿਆਰੀ ਬਾਰੇ ਦੱਸਿਆ

ਐਡੀਲੇਡ, (ਭਾਸ਼ਾ)– ਆਸਟ੍ਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਨੇ ਕਿਹਾ ਕਿ ਉਸਦੀ ਟੀਮ ਇਕਜੁੱਟ ਹੈ ਤੇ ਉਸ ਨੂੰ ਭਰੋਸਾ ਹੈ ਕਿ 6 ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਡੇ-ਨਾਈਟ ਕ੍ਰਿਕਟ ਮੈਚ ਵਿਚ ਉਸਦੇ ਬੱਲੇਬਾਜ਼ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੇ ਭਾਰਤੀ ਹਮਲੇ ਦਾ ਸਾਹਮਣਾ ਕਰਨ ਲਈ ਬਿਹਤਰ ਰਣਨੀਤੀ ਦੇ ਨਾਲ ਮੈਦਾਨ ’ਤੇ ਉਤਰਨਗੇ। ਬੁਮਰਾਹ ਨੇ ਬਾਰਡਰ-ਗਾਵਸਕਰ ਟਰਾਫੀ ਦੇ ਪਰਥ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ 8 ਵਿਕਟਾਂ ਲੈ ਕੇ ਭਾਰਤ ਦੀ 295 ਦੌੜਾਂ ਨਾਲ ਵੱਡੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਆਸਟ੍ਰੇਲੀਆ ਦੇ ਬੱਲੇਬਾਜ਼ ਇਸ ਮੈਚ ਵਿਚ ਨਹੀਂ ਚੱਲ ਸਕੇ ਸਨ, ਜਿਸ ਨਾਲ ਗੇਂਦਬਾਜ਼ਾਂ ’ਤੇ ਵੀ ਦਬਾਅ ਵਧਿਆ।

ਕੈਰੀ ਨੇ ਇੱਥੇ ਕਿਹਾ,‘‘ਉਹ (ਬੁਮਰਾਹ) ਨਿਸ਼ਚਿਤ ਤੌਰ ’ਤੇ ਸ਼ਾਨਦਾਰ ਗੇਂਦਬਾਜ਼ ਹੈ ਤੇ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਸਾਡੇ ਬੱਲੇਬਾਜ਼ ਵੀ ਵਿਸ਼ਵ ਪੱਧਰੀ ਹਨ ਤੇ ਹਮੇਸ਼ਾ ਸਮੱਸਿਆ ਦਾ ਹੱਲ ਕੱਢਣ ਦਾ ਤਰੀਕੇ ਲੱਭਦੇ ਹਨ।’’

ਉਸ ਨੇ ਕਿਹਾ,‘‘ਅਸੀਂ ਉਸਦੀ ਗੇਂਦਬਾਜ਼ੀ ਦਾ ਮੁਲਾਂਕਣ ਕੀਤਾ ਹੈ। ਉਮੀਦ ਹੈ ਕਿ ਅਸੀਂ ਉਸਦੇ ਪਹਿਲੇ-ਦੂਜੇ ਸਪੈੱਲ ਦਾ ਸਾਹਮਣਾ ਕਰਨ ਵਿਚ ਸਫਲ ਰਹਾਂਗੇ। ਅਸੀਂ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਦੇਖਿਆ ਸੀ ਕਿ ਕਿਸ ਤਰ੍ਹਾਂ ਨਾਲ ਟ੍ਰੈਵਿਸ ਹੈੱਡ ਨੇ ਜਵਾਬੀ ਹਮਲਾ ਕੀਤਾ ਸੀ।’’

ਕੈਰੀ ਨੇ ਕਿਹਾ,‘‘ਸਾਨੂੰ ਆਪਣੇ ਬੱਲੇਬਾਜ਼ਾਂ ’ਤੇ ਪੂਰਾ ਭਰੋਸਾ ਹੈ। ਅਸੀਂ ਸਿਰਫ ਬੁਮਰਾਹ ਹੀ ਨਹੀਂ, ਉਸਦੇ ਹੋਰਨਾਂ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਵੀ ਤਰੀਕਾ ਲੱਭ ਲਵਾਂਗੇ। ਭਾਰਤ ਪਹਿਲੇ ਟੈਸਟ ਮੈਚ ਵਿਚ ਕੁਝ ਨਵੇਂ ਗੇਂਦਬਾਜ਼ਾਂ ਨਾਲ ਉਤਰਿਆ ਸੀ ਤੇ ਉਨ੍ਹਾਂ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਸੀ।’’


author

Tarsem Singh

Content Editor

Related News