IND v NZ Test : ਸਾਬਕਾ ਭਾਰਤੀ ਬੱਲੇਬਾਜ਼ ਲਕਸ਼ਮਣ ਨੇ ਰਹਾਣੇ ਵਲੋਂ ਸ਼ਾਟ ਦੀ ਚੋਣ ''ਤੇ ਚੁੱਕੇ ਸਵਾਲ
Thursday, Nov 25, 2021 - 07:01 PM (IST)
ਕਾਨਪੁਰ- ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਕਾਰਜਵਾਹਕ ਕਪਤਾਨ ਅਜਿੰਕਯ ਰਹਾਣੇ ਦੀ ਖ਼ਰਾਬ ਸ਼ਾਟ ਚੋਣ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਵਾਰ-ਵਾਰ ਉਹੀ ਗ਼ਲਤੀ ਦੋਹਰਾ ਰਹੇ ਹਨ। ਰਹਾਣੇ ਕਾਈਲ ਜੈਮੀਸਨ ਦੇ ਖ਼ਿਲਾਫ਼ ਕੱਟ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਆਊਟ ਹੋ ਗਏ।
ਲਕਸ਼ਮਣ ਦੀ ਟਿੱਪਣੀ ਕਪਤਾਨ ਰਹਾਣੇ ਦੇ 35 ਦੌੜਾਂ 'ਤੇ ਆਊਟ ਹੋਣ ਦੇ ਬਾਅਦ ਆਈ ਜੋ ਕਾਨਪੁਰ ਦੇ ਗ੍ਰੀਨਪਾਰਕ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਸ਼ੁਰੂਆਤ ਦਾ ਚੰਗਾ ਲਾਹਾ ਲੈਣ 'ਚ ਅਸਫਲ ਰਹੇ। ਹਾਲਾਂਕਿ ਰਹਾਣੇ ਮੱਧ 'ਚ ਠੋਸ ਦਿਖ ਰਹੇ ਸਨ ਕਿਉਂਕਿ ਉਨ੍ਹਾਂ ਨੇ ਦੁਪਹਿਰ ਦੇ ਭੋਜਨ ਦੇ ਬਾਅਦ ਦੇ ਸੈਸ਼ਨ 'ਚ ਸ਼ੁੱਭਮਨ ਗਿਲ ਤੇ ਚੇਤੇਸ਼ਵਰ ਪੁਜਾਰਾ ਦੇ ਆਊਟ ਹੋਣ ਦੇ ਬਾਅਦ ਕਮਾਨ ਸੰਭਾਲੀ। ਹਾਲਾਂਕਿ ਉਹ ਵੱਡੀ ਪਾਰੀ ਨਹੀਂ ਖੇਡ ਸਕੇ ਤੇ ਪਵੇਲੀਅਨ ਪਰਤਦੇ ਸਮੇਂ ਬੇਚੈਨ ਦਿਸੇ।
ਇਕ ਸਪੋਰਟਸ ਚੈਨਲ ਨਾਲ ਗੱਲਬਾਤ ਦੇ ਦੌਰਾਨ ਲਕਸ਼ਮਣ ਨੇ ਕਿਹਾ ਕਿ ਰਹਾਣੇ ਵਿਦੇਸ਼ੀ ਹਾਲਾਤਾਂ 'ਚ ਐਂਗਲਡ ਸ਼ਾਟ ਤੋਂ ਬਚ ਸਕਦੇ ਸਨ, ਪਰ ਕਾਨਪੁਰ 'ਚ ਨਹੀਂ। ਉਨ੍ਹਾਂ ਕਿਹਾ ਕਿ ਜਿਸ ਪਲ ਅਜਿੰਕਯ ਰਹਾਣੇ ਕ੍ਰੀਜ਼ 'ਤੇ ਆਏ, ਕਾਈਲ ਜੈਮੀਸਨ ਨੇ ਕੀ ਕੀਤਾ? ਉਹ ਸ਼ਾਰਟ ਪਿੱਚ ਡਿਲੀਵਰੀ ਦੇ ਲਈ ਜਾਣੇ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਰਹਾਣੇ ਕੋਲ ਸ਼ਾਰਟ ਪਿੱਚ ਡਿਲੀਵਰੀ ਖ਼ਿਲਾਫ਼ ਸਿਰਫ਼ ਇਕ ਬਦਲ ਹੈ, ਜੋ ਕਿ ਪੁਲ ਸ਼ਾਟ ਖੇਡਣਾ ਹੈ। ਇਹ ਇਕ ਸ਼ਹਿਜ ਸ਼ਾਟ ਸੀ। ਇਸ ਨਾਲ ਉਹ ਆਊਟ ਹੋ ਗਏ। ਦੱਖਣੀ ਅਫ਼ਰੀਕਾ ਤੇ ਆਸਟਰੇਲੀਆ ਜਿਹੇ ਸਥਾਨਾਂ 'ਤੇ ਲਾਈਨ ਦੇ ਇਲਾਵਾ ਖੇਡਣਾ ਠੀਕ ਹੈ, ਭਾਵੇਂ ਜ਼ਿਆਦਾ ਚੌੜਾਈ ਨਾ ਹੋਵੇ, ਉਛਾਲ ਦੇ ਕਾਰਨ ਤੁਸੀਂ ਵਿਕਟ ਦੇ ਵਰਗ ਦੇ ਮੱਧ ਤੋਂ ਹਿੱਟ ਕਰ ਸਕਦੇ ਹੋ।