IND v NZ : ਹੁਣ ਰੋਹਿਤ-ਦ੍ਰਾਵਿੜ ਦੀ ਜੋੜੀ ਦਾ ਦਿਖੇਗਾ ਕਮਾਲ, ਅੱਜ ਤੋਂ ਭਾਰਤੀ ਕ੍ਰਿਕਟ 'ਚ ਨਵੇਂ ਯੁੱਗ ਦੀ ਸ਼ੁਰੂਆਤ

11/17/2021 11:27:39 AM

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਵਿਚ ਹਾਰ ਦੇ ਬੁਰੇ ਤਜਰਬੇ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਨਿਗਰਾਨੀ ਵਿਚ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਵਿਚ ਨਵੇਂ ਸਿਰੇਂ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗੀ। ਦ੍ਰਾਵਿੜ ਤੇ ਰੋਹਿਤ ਦੀ ਜੋੜੀ ਕੋਲ ਅਗਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਭ ਤੋਂ ਛੋਟੇ ਫਾਰਮੈਟ ਵਿਚ ਮਜ਼ਬੂਤ ਟੀਮ ਤਿਆਰ ਕਰਨ ਲਈ ਸਿਰਫ਼ 11 ਮਹੀਨੇ ਦਾ ਸਮਾਂ ਹੋਵੇਗਾ। ਇਸ ਵਿਚਾਲੇ ਉਨ੍ਹਾਂ ਨੂੰ ਟੀਮ ਵਿਚ ਜ਼ਰੂਰੀ ਤਬਦੀਲੀ ਤੇ ਸੁਧਾਰ ਕਰਨੇ ਪੈਣਗੇ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਟੀ-20 ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਭਾਰਤ ਤੇਜ਼ ਗੇਂਦਬਾਜ਼ੀ ਹਰਫ਼ਨਮੌਲਾ ਵਿਚ ਹਾਰਦਿਕ ਪੰਡਯਾ ਦੇ ਬਦਲ ਦੇਖਣ ਲਈ ਮਜਬੂਰ ਹੋਇਆ ਹੈ। ਪੰਡਯਾ ਜ਼ਖ਼ਮੀ ਹੋਣ ਕਾਰਨ ਆਪਣੀ ਯੋਗਤਾ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ : ਸਮਲਿੰਗੀਆਂ ਨੂੰ ਐਂਟ੍ਰੀ ਨਾ ਦੇਣ ਨੂੰ ਲੈ ਕੇ ਵਿਵਾਦਾਂ 'ਚ ਘਿਰਿਆ ਵਿਰਾਟ ਕੋਹਲੀ ਦਾ ਰੈਸਟੋਰੈਂਟ

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੈਂਕਟੇਸ਼ ਅਈਅਰ ਨੂੰ ਹਾਰਦਿਕ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਤੋਂ ਇਹ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ਹਰਫ਼ਨਮੌਲਾ ਦੇ ਰੂਪ ਵਿਚ ਤਿਆਰ ਕੀਤਾ ਜਾ ਸਕਦਾ ਹੈ ਜਾਂ ਨਹੀਂ। ਭਾਰਤ ਬੱਲੇਬਾਜ਼ੀ ਵਿਭਾਗ ਵਿਚ ਵੱਧ ਪਾਵਰ ਹਿਟਰ ਰੱਖ ਸਕਦਾ ਹੈ ਤੇ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵੱਲੋਂ ਖੇਡਣ ਵਾਲੇ ਵੈਂਕਟੇਸ਼ ਨੇ ਲੰਬੇ ਤੇ ਵੱਡੇ ਸ਼ਾਟ ਖੇਡਣ ਦੀ ਆਪਣੀ ਯੋਗਤਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਹੈ। ਆਈ. ਪੀ. ਐੱਲ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਜਿਨ੍ਹਾਂ ਹੋਰ ਖਿਡਾਰੀਆਂ ਨੂੰ ਟੀਮ ਵਿਚ ਚੁਣਿਆ ਗਿਆ ਹੈ ਉਨ੍ਹਾਂ ਵਿਚ ਰਿਤੂਰਾਜ ਗਾਇਕਵਾੜ, ਹਰਸ਼ਲ ਪਟੇਲ, ਆਵੇਸ਼ ਖ਼ਾਨ ਤੇ ਯੁਜਵਿੰਦਰ ਸਿੰਘ ਚਾਹਲ ਦੇ ਨਾਂ ਸ਼ਾਮਲ ਹਨ। ਚਾਹਲ ਨੂੰ ਟੀ-20 ਵਿਸ਼ਵ ਕੱਪ ਟੀਮ 'ਚੋਂ ਬਾਹਰ ਕਰਨ ਦਾ ਫ਼ੈਸਲਾ ਕਾਫੀ ਵਿਵਾਦ ਵਾਲਾ ਰਿਹਾ ਸੀ। 

ਜਸਪ੍ਰਰੀਤ ਬੁਮਰਾਹ ਨੂੰ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ ਤੇ ਇਸ ਕਾਰਨ ਭਾਰਤ ਇਕ ਹੋਰ ਤੇਜ਼ ਗੇਂਦਬਾਜ਼ ਦੀ ਭਾਲ ਕਰਨਾ ਚਾਹੇਗਾ, ਜੋ ਲਗਾਤਾਰ 140 ਕਿਲੋਮੀਟਰ ਪ੍ਰਤੀ ਘੰਟੇ ਜਾਂ ਉਸ ਤੋਂ ਵੱਧ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕੇ। ਯੂ. ਏ. ਈ. ਵਿਚ ਵੀ ਦੇਖਿਆ ਗਿਆ ਸੀ ਵਾਧੂ ਤੇਜ਼ੀ ਨਾਲ ਕੀਤੀ ਗਈ ਗੇਂਦ ਲਾਭ ਪਹੁੰਚਾਉਂਦੀ ਹੈ ਤੇ ਇਸ ਕਾਰਨ ਆਵੇਸ਼ ਤੇ ਮੁਹੰਮਦ ਸਿਰਾਜ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਭੁਵਨੇਸ਼ਵਰ ਕੁਮਾਰ ਯੂ. ਏ. ਈ. ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ ਆਪਣੇ ਪੁਰਾਣੇ ਰੰਗ ਵਿਚ ਮੁੜਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਆਸਟ੍ਰੇਲੀਆ ਦੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਖਿਡਾਰੀਆਂ ਦੀ ਯੋਗਤਾ ਨੂੰ ਪਰਖਣਾ ਚਾਹੁਣਗੇ। ਆਸਟ੍ਰੇਲੀਆ ਅਗਲੇ ਸਾਲ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।

ਟੀਮ ਵਿਚ ਛੋਟੇ ਫਾਰਮੈਟ ਦੇ ਪੰਜ ਸਲਾਮੀ ਬੱਲੇਬਾਜ਼ ਸ਼ਾਮਲ ਹਨ ਤੇ ਉਨ੍ਹਾਂ ਨੂੰ ਮੱਧ ਕ੍ਰਮ ਵਿਚ ਉਤਾਰਨਾ ਮਹੱਤਵਪੂਰਨ ਹੋਵੇਗਾ। ਰੋਹਿਤ ਤੇ ਉੱਪ ਕਪਤਾਨ ਕੇ. ਐੱਲ. ਰਾਹੁਲ ਬੁੱਧਵਾਰ ਨੂੰ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਪਰ ਇਸ਼ਾਨ ਕਿਸ਼ਨ ਤੇ ਗਾਇਕਵਾੜ ਦੇ ਰੂਪ ਵਿਚ ਵੱਧ ਬਦਲ ਹੋਣ ਕਾਰਨ ਭਾਰਤ ਕੁਝ ਤਜਰਬੇ ਵੀ ਕਰ ਸਦਾ ਹੈ। ਇੱਥੇ ਤਕ ਕਿ ਵੈਂਕਟੇਸ਼ ਨੇ ਕੇ. ਕੇ. ਆਰ. ਵੱਲੋਂ ਆਪਣੀਆਂ ਸਾਰੀਆਂ ਦੌੜਾਂ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਬਣਾਈਆਂ ਪਰ ਉਹ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨ ਲਈ ਤਿਆਰ ਹਨ। ਸੂਰਯਕੁਮਾਰ ਯਾਦਵ ਵਿਸ਼ਵ ਕੱਪ ਦੌਰਾਨ ਆਪਣੀ ਲੈਅ ਹਾਸਲ ਨਹੀਂ ਕਰ ਸਕੇ ਪਰ ਉਹ ਇਕ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਭਾਰਤ ਖ਼ਾਸ ਕਰ ਕੇ ਆਸਟ੍ਰੇਲਿਆਈ ਹਾਲਾਤ ਦੇਖ ਕੇ ਚੌਥੇ ਨੰਬਰ 'ਤੇ ਤਿਆਰ ਕਰਨਾ ਚਾਹੀਦਾ ਹੈ। ਰਵਿੰਦਰ ਜਡੇਜਾ ਨੂੰ ਆਰਾਮ ਦਿੱਤੇ ਜਾਣ ਕਾਰਨ ਅਕਸ਼ਰ ਪਟੇਲ ਸਪਿਨ ਗੇਂਦਬਾਜ਼ੀ ਹਰਫ਼ਨਮੌਲਾ ਦੀ ਥਾਂ ਭਰ ਸਕਦੇ ਹਨ ਜਦਕਿ ਆਰ ਅਸ਼ਵਿਨ ਦੇ ਆਖ਼ਰੀ ਇਲੈਵਨ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ।

ਵਿਸ਼ਵ ਕੱਪ ਵਿਚ ਭਾਰਤ ਨੂੰ ਹਰਾਉਣ ਵਾਲਾ ਨਿਊਜ਼ੀਲੈਂਡ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰਨ ਤੋਂ ਤੁਰੰਤ ਬਾਅਦ ਜੈਪੁਰ ਪੁੱਜਾ ਹੈ ਤੇ ਉਸ ਨੂੰ ਆਪਣੀ ਹਾਰ ਦੀ ਸਮੀਖਿਆ ਕਰਨ ਦਾ ਵੱਧ ਮੌਕਾ ਨਹੀਂ ਮਿਲਿਆ। ਕਪਤਾਨ ਕੇਨ ਵਿਲੀਅਮਸਨ ਨੂੰ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ ਤਾਂ ਜੋ ਉਹ ਇਸ ਤੋਂ ਬਾਅਦ ਹੋਣ ਵਾਲੀ ਟੈਸਟ ਸੀਰੀਜ਼ ਲਈ ਤਰੋਤਾਜ਼ਾ ਹੋ ਸਕਣ। ਤੇਜ਼ ਗੇਂਦਬਾਜ਼ ਟਿਮ ਸਾਊਥੀ ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਟੀਮ ਦੀ ਕਮਾਨ ਸੰਭਾਲਣਗੇ। ਸਾਊਥੀ ਦੇ ਨਾਲ ਗੇਂਦਬਾਜ਼ੀ ਦੀ ਅਗਵਾਈ ਟ੍ਰੇਂਟ ਬੋਲਟ ਕਰਨਗੇ ਤੇ ਬੱਲੇਬਾਜ਼ੀ ਵਿਚ ਡੇਰਿਲ ਮਿਸ਼ੇਲ ਵਰਗੇ ਖਿਡਾਰੀਆਂ ਦੀ ਮੌਜੂਦਗੀ ਨਿਊਜ਼ੀਲੈਂਡ ਨੂੰ ਖ਼ਤਰਨਾਕ ਟੀਮ ਬਣਾਉਂਦੀ ਹੈ। ਨਿਊਜ਼ੀਲੈਂਡ ਉਨ੍ਹਾਂ ਖਿਡਾਰੀਆਂ ਨੂੰ ਵੀ ਮੌਕਾ ਦੇ ਸਕਦਾ ਹੈ ਜਿਨ੍ਹਾਂ ਨੂੰ ਯੂ. ਏ. ਈ. ਵਿਚ ਮੌਕਾ ਨਹੀਂ ਮਿਲਿਆ ਸੀ। ਇਨ੍ਹਾਂ ਵਿਚ ਕਾਇਲ ਜੇਮੀਸਨ ਵੀ ਸ਼ਾਮਲ ਹਨ ਜੋ ਸਿਰਫ਼ ਅਭਿਆਸ ਮੈਚਾਂ ਵਿਚ ਖੇਡੇ ਸਨ। ਇਸ ਸੀਰੀਜ਼ ਵਿਚ ਰੋਹਿਤ ਤੇ ਈਸ਼ ਸੋਢੀ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਰਤੀ ਕਪਤਾਨ ਨੂੰ ਗੁੱਟ ਦੇ ਸੁਪਿਨਰਾਂ ਨੂੰ ਖੇਡਣ ਵਿਚ ਥੋੜ੍ਹੀ ਮੁਸ਼ਕਲ ਹੁੰਦੀ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਹੈ ਮਹਿੰਗੀਆਂ ਘੜੀਆਂ ਦਾ ਸ਼ੌਕ, ਤਸਵੀਰਾਂ 'ਚ ਵੇਖੋ ਕੋਹਲੀ ਦੀਆਂ ਘੜੀਆਂ ਦਾ ਕੁਲੈਕਸ਼ਨ

ਸੰਭਾਵਿਤ ਪਲੇਇੰਗ ਇਲੈਵਨ :-

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐੱਲ. ਰਾਹੁਲ, ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਇਸ਼ਾਨ ਕਿਸ਼ਨ, ਵੈਂਕਟੇਸ਼ ਅਈਅਰ, ਯੁਜਵੇਂਦਰ ਚਾਹਲ, ਆਰ ਅਸ਼ਵਿਨ, ਅਕਸ਼ਰ ਪਟੇਲ, ਆਵੇਸ਼ ਖ਼ਾਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ, ਮੁਹੰਮਦ ਸਿਰਾਜ।

ਨਿਊਜ਼ੀਲੈਂਡ : ਟਿਮ ਸਾਊਥੀ (ਕਪਤਾਨ), ਟਾਡ ਐਸਟਲ, ਟ੍ਰੇਂਟ ਬੋਲਟ, ਮਾਰਕ ਚੈਪਮੈਨ, ਲਾਕੀ ਫਰਗਿਊਸਨ, ਮਾਰਟਿਨ ਗੁਪਟਿਲ, ਕਾਇਲ ਜੇਮੀਸਨ, ਐਡਮ ਮਿਲਨੇ, ਡੇਰਿਲ ਮਿਸ਼ੇਲ, ਜੇਮਸ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸੀਫਰਟ, ਈਸ਼ ਸੋਢੀ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News