IND v ENG : ਰੂਟ ਨੇ ਮੋਇਨ ਅਲੀ ਤੋਂ ਮੰਗੀ ਮੁਆਫੀ
Wednesday, Feb 17, 2021 - 09:52 PM (IST)
ਲੰਡਨ– ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਮੋਇਨ ਅਲੀ ਤੋਂ ਆਪਣੇ ਉਸ ਬਿਆਨ ਲਈ ਮੁਆਫੀ ਮੰਗੀ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਇਸ ਆਲਰਾਊਂਡਰ ਨੇ ਭਾਰਤ ਵਿਰੁੱਧ ਟੈਸਟ ਮੈਚ ਤੋਂ ਬਾਅਦ ਵਤਨ ਪਰਤਣ ਦਾ ਬਦਲ ਚੁਣਿਆ ਹੈ ਜਦਕਿ ਅਸਲ ਵਿਚ ਇਹ ਰਾਸ਼ਟਰੀ ਟੀਮ ਦੀ ਰੋਟੇਸ਼ਨ ਨੀਤੀ ਦਾ ਹਿੱਸਾ ਹੈ। ਚੇਨਈ ਵਿਚ ਦੂਜੇ ਟੈਸਟ ਮੈਚ ਵਿਚ 8 ਵਿਕਟਾਂ ਲੈਣ ਤੇ ਦੂਜੀ ਪਾਰੀ ਵਿਚ 18 ਗੇਂਦਾਂ ’ਤੇ 43 ਦੌੜਾਂ ਬਣਾਉਣ ਵਾਲੇ ਮੋਇਨ ਨੇ ਮੂਲ ਯੋਜਨਾ ’ਤੇ ਅਮਲ ਕੀਤਾ ਤੇ 10 ਦਿਨ ਦੇ ਆਰਾਮ ’ਤੇ ਬ੍ਰਿਟੇਨ ਪਰਤਣ ਦਾ ਫੈਸਲਾ ਕੀਤਾ। ਮੋਇਨ ਦਾ ਏਸ਼ੇਜ਼ 2019 ਤੋਂ ਬਾਅਦ ਇਹ ਪਹਿਲਾ ਮੈਚ ਸੀ।’’
‘ਮਿਰਰ’ ਦੀ ਰਿਪੋਰਟ ਅਨੁਸਾਰ ਰੂਟ ਨੇ ‘ਵਤਨ ਪਰਤਣ ਦਾ ਬਦਲਣ ਚੁਣਨ’ ਦੇ ਆਪਣੇ ਬਿਆਨ ਲਈ ਟੀਮ ਹੋਟਲ ਵਿਚ ਮੋਇਨ ਤੋਂ ਮੁਆਫੀ ਮੰਗੀ। ਬ੍ਰਿਟੇਨ ਦੇ ਕੁਝ ਹੋਰਨਾਂ ਸਮਾਚਾਰ ਪੱਤਰਾਂ ਨੇ ਵੀ ਇਸ ਤਰ੍ਹਾਂ ਦੀ ਹੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰੂਟ ਨੇ ਚੇਨਈ ਵਿਚ ਮੰਗਲਵਾਰ ਨੂੰ ਇੰਗਲੈਂਡ ਦੀ ਦੂਜੇ ਮੈਚ ਵਿਚ 317 ਦੌੜਾਂ ਨਾਲ ਮਿਲੀ ਕਰਾਰ ਹਾਰ ਤੋਂ ਬਾਅਦ ਕਿਹਾ ਸੀ,‘‘ਅਸੀਂ ਸ਼ੁਰੂ ਵਿਚ ਹੀ ਸਪੱਸ਼ਟ ਕੀਤਾ ਸੀ ਕਿ ਜੇਕਰ ਖਿਡਾਰੀਆਂ ਨੂੰ ਲੱਗਦਾ ਹੈ ਕਿ ਉਹ ਜੈਵ ਸੁਰੱਖਿਅਤ ਮਾਹੌਲ ਵਿਚੋਂ ਬਾਹਰ ਨਿਕਲਣਾ ਚਾਹੁੰਦੇ ਹੈ ਤੇ ਉਨ੍ਹਾਂ ਕੋਲ ਇਸ ਦਾ ਬਦਲ ਹੈ।’’
ਮੋਇਨ ਦੀ ਤਰ੍ਹਾਂ ਸਾਰੇ ਸਵਰੂਪਾਂ ਵਿਚ ਖੇਡਣ ਵਾਲਾ ਜੋਸ ਬਟਲਰ ਪਹਿਲਾਂ ਹੀ ਵਤਨ ਪਰਤ ਚੁੱਕਾ ਸੀ ਤੇ ਸੀਮਤ ਓਵਰਾਂ ਦੀ ਲੜੀ ਲਈ ਵਾਪਸ ਭਾਰਤ ਆਵੇਗਾ। ਬੇਨ ਸਟੋਕਸ ਤੇ ਜੋਫ੍ਰਾ ਆਰਚਰ ਨੂੰ ਹਾਲ ਹੀ 'ਚ ਸ਼੍ਰੀਲੰਕਾ ਦੌਰੇ ਵਿਚ ਆਰਾਮ ਦਿੱਤਾ ਗਿਆ ਸੀ। ਜਾਨੀ ਬੇਅਰਸਟੋ ਨੂੰ ਭਾਰਤ ਵਿਰੁੱਧ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਵਿਚ ਨਾ ਰੱਖਣ ਦੀ ਸਾਬਕਾ ਕ੍ਰਿਕਟਰਾਂ ਨੇ ਸਖਤ ਆਲੋਚਨਾ ਕੀਤੀ ਸੀ। ਸ਼੍ਰੀਲੰਕਾ ਦੌਰੇ ਤੋਂ ਬਾਅਦ ਉਸ ਨੂੰ ਵੀ ਆਰਾਮ ਦਿੱਤਾ ਗਿਆ ਸੀ। ਬੇਅਰਸਟੋ ਆਖਰੀ ਦੋ ਟੈਸਟ ਮੈਚਾਂ ਲਈ ਹੁਣ ਭਾਰਤ ਵਿਚ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।