IND v BAN 3rd T20I : ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼
Sunday, Nov 10, 2019 - 10:52 PM (IST)

ਨਾਗਪੁਰ— ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਹਿਰ ਵਰਾਉਂਦੇ ਹੋਏ ਹੈਟ੍ਰਿਕ ਸਮੇਤ 6 ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਤੀਜੇ ਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 144 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਭਾਰਤ ਨੇ ਇਹ ਮੁਕਾਬਲਾ 30 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਚਾਹਰ ਨੇ ਟੀ-20 ਇਤਿਹਾਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 3.2 ਓਵਰਾਂ ਵਿਚ ਸਿਰਫ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਭਾਰਤ ਨੂੰ ਸੀਰੀਜ਼ ਜਿੱਤ ਦਿਵਾਉਣ ਦੇ ਨਾਲ ਹੀ 'ਪਲੇਅਰ ਆਫ ਦਿ ਮੈਚ' ਵੀ ਬਣ ਗਿਆ। ਚਾਹਰ ਦਾ ਚੰਗਾ ਸਾਥ ਦਿੱਤਾ ਸ਼ਿਵਮ ਦੂਬੇ ਨੇ, ਜਿਸ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 30 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਚਾਹਰ ਟੀ-20 ਵਿਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ। ਉਹ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਹੈਟ੍ਰਿਕ ਲੈਣ ਵਾਲਾ ਭਾਰਤ ਦਾ 7ਵਾਂ ਗੇਂਦਬਾਜ਼ ਵੀ ਬਣ ਗਿਆ ਹੈ।
ਭਾਰਤ ਨੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਲੋਕੇਸ਼ ਰਾਹੁਲ (52) ਤੇ ਸ਼੍ਰੇਅਸ ਅਈਅਰ (62) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 5 ਵਿਕਟਾਂ 'ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਤੇ ਫਿਰ ਬੰਗਲਾਦੇਸ਼ ਦੀ ਚੁਣੌਤੀ ਨੂੰ 19.2 ਓਵਰਾਂ ਵਿਚ 144 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਦਿੱਲੀ ਵਿਚ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਰਾਜਕੋਟ ਤੇ ਨਾਗਪੁਰ ਵਿਚ ਅਗਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਨੇ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਵਾਪਸੀ ਕਰਦਿਆਂ ਸੀਰੀਜ਼ ਜਿੱਤੀ।
ਬੰਗਲਾਦੇਸ਼ ਵਲੋਂ ਮੁਹੰਮਦ ਨਾਇਮ ਨੇ 81 ਦੌੜਾਂ ਬਣਾਈਆਂ ਪਰ ਉਸ ਦੇ ਆਊਟ ਹੁੰਦੇ ਹੀ ਬੰਗਲਾਦੇਸ਼ ਦਾ ਸੰਘਰਸ਼ ਖਤਮ ਹੋ ਗਿਆ। ਦੀਪਕ ਚਾਹਰ ਨੇ ਬੰਗਲਾਦੇਸ਼ ਦੇ ਚੋਟੀ ਤੇ ਹੇਠਲੇ ਕ੍ਰਮ ਅਤੇ ਸ਼ਿਵਮ ਦੂਬੇ ਨੇ ਮੱਧਕ੍ਰਮ ਨੂੰ ਢਹਿ-ਢੇਰੀ ਕੀਤੀ। ਚਾਹਰ ਨੇ 18ਵੇਂ ਓਵਰ ਦੀ ਆਖਰੀ ਤੇ 20ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਦੂਜੇ ਓਵਰ ਵਿਚ ਹੀ ਝਟਕਾ ਲੱਗ ਗਿਆ ਸੀ, ਜਦੋਂ ਪਿਛਲੇ ਮੈਚ ਦਾ 'ਪਲੇਅਰ ਆਫ ਦਿ ਮੈਚ' ਤੇ ਕਪਤਾਨ ਰੋਹਿਤ ਸ਼ਰਮਾ ਸਿਰਫ 2 ਦੌੜਾਂ ਬਣਾ ਕੇ ਸ਼ਫੀਉੱਲ ਇਸਲਾਮ ਦੀ ਗੇਂਦ 'ਤੇ ਬੋਲਡ ਹੋ ਗਿਆ।
ਰੋਹਿਤ ਦੇ ਸਾਥੀ ਸ਼ਿਖਰ ਧਵਨ ਨੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਕੀਤੀ ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕਿਆ ਤੇ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਸ਼ਿਖਰ ਨੇ 16 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਸ਼ਿਖਰ ਨੂੰ ਵੀ ਸ਼ਫੀਉੱਲ ਨੇ ਆਊਟ ਕੀਤਾ। ਦੋ ਵਿਕਟਾਂ ਸਿਰਫ 35 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਰਾਹੁਲ ਤੇ ਅਈਅਰ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਰਾਹੁਲ ਨੇ ਆਪਣਾ ਤੀਜਾ ਟੀ-20 ਅਰਧ ਸੈਂਕੜਾ ਬਣਾਇਆ, ਜਦਕਿ ਅਈਅਰ ਨੇ ਜ਼ਬਰਦਸਤ ਛੱਕੇ ਲਾਉਂਦਿਆਂ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਰਾਹੁਲ ਨੇ 35 ਗੇਂਦਾਂ 'ਤੇ 52 ਦੌੜਾਂ ਵਿਚ 7 ਚੌਕੇ ਲਾਏ। ਅਈਅਰ ਨੇ ਸਿਰਫ 33 ਗੇਂਦਾਂ ਵਿਚ 3 ਚੌਕੇ ਤੇ 5 ਛੱਕੇ ਲਾਉਂਦਿਆਂ 62 ਦੌੜਾਂ ਬਣਾਈਆਂ।
ਰਾਹੁਲ ਦੀ ਵਿਕਟ ਅਲ ਅਮੀਨ ਹੁਸੈਨ ਨੇ ਲਈ। ਰਾਹੁਲ ਦੀ ਵਿਕਟ 94 ਦੇ ਸਕੋਰ 'ਤੇ ਡਿੱਗੀ। ਮੈਦਾਨ 'ਤੇ ਉਤਰੇ ਰਿਸ਼ਭ ਪੰਤ ਨਾਲ ਅਈਅਰ ਨੇ ਚੌਥੀ ਵਿਕਟ ਲਈ 45 ਦੌੜਾਂ ਜੋੜੀਆਂ ਤੇ ਇਸ ਸਾਂਝੇਦਾਰੀ ਵਿਚ ਅਈਅਰ ਦਾ ਹੀ ਬੱਲਾ ਚੱਲਿਆ। ਪੰਤ ਇਕ ਵਾਰ ਫਿਰ ਫਲਾਪ ਰਿਹਾ ਤੇ ਕਪਤਾਨ ਰੋਹਿਤ ਸ਼ਰਮਾ ਅਤੇ ਟੀਮ ਮੈਨੇਜਮੈਂਟ ਦੇ ਵੱਡੇ ਸਮਰਥਨ ਦੇ ਬਾਵਜੂਦ ਸਸਤੇ ਵਿਚ ਆਊਟ ਹੋ ਗਿਆ। ਪੰਤ 9 ਗੇਂਦਾਂ 'ਤੇ 6 ਦੌੜਾਂ ਹੀ ਬਣਾ ਸਕਿਆ। ਸੌਮਿਆ ਸਰਕਾਰ ਨੇ 17ਵੇਂ ਓਵਰ 'ਚ ਪੰਤ ਤੇ ਅਈਅਰ ਨੂੰ ਆਊਟ ਕੀਤਾ। ਅਈਅਰ ਦੀ ਵਿਕਟ ਡਿੱਗਣ ਤੋਂ ਬਾਅਦ ਮਨੀਸ਼ ਪਾਂਡੇ ਨੇ ਮੋਰਚਾ ਸੰਭਾਲਿਆ ਤੇ 13 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 22 ਦੌੜਾਂ ਬਣਾ ਕੇ ਭਾਰਤ ਨੂੰ 174 ਦੌੜਾਂ ਤਕ ਪਹੁੰਚਾਇਆ। ਪਾਂਡੇ ਦੇ ਨਾਲ ਸ਼ਿਵਮ ਦੂਬੇ 9 ਦੌੜਾਂ 'ਤੇ ਅਜੇਤੂ ਰਿਹਾ। ਬੰਗਾਲਦੇਸ਼ ਵਲੋਂ ਸ਼ਫੀਉੱਲ ਤੇ ਸਰਕਾਰ ਨੇ 2-2 ਵਿਕਟਾਂ ਲਈਆਂ।
ਟੀਮਾਂ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਯੁਜਵੇਂਦਰ ਚਾਹਲ, ਖਲੀਲ ਅਹਿਮਦ।
ਬੰਗਲਾਦੇਸ਼ : ਲਿਟਨ ਦਾਸ, ਮੁਹੰਮਦ ਨੈਮ, ਸੌਮਿਆ ਸਰਕਾਰ, ਮੁਸ਼ਫਿਕੂਰ ਰਹੀਮ, ਮਹਿਮੂਦੁੱਲਾਹ (ਕਪਤਾਨ), ਅਫਫ ਹੁਸੈਨ, ਮੁਹੰਮਦ ਮਿਥੁਨ, ਅਮੀਨੁਲ ਇਸਲਾਮ, ਸ਼ਫੀਉਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਲ-ਅਮੀਨ ਹੁਸੈਨ।