ਜਡੇਜਾ ਜੇਕਰ ਵਿਸ਼ਵ ਕੱਪ 2019 ਖੇਡੇਗਾ ਤਾਂ ਦੇਖੋ ਕਿਸ ਗੇਂਦਬਾਜ਼ ਦੀ ਪੋਚੀ ਜਾਵੇਗੀ ਫੱਟੀ
Friday, Sep 21, 2018 - 11:29 PM (IST)

ਜਲੰਧਰ— ਆਲਰਾਊਂਡਰ ਰਵਿੰਦਰ ਜਡੇਜਾ ਨੇ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ 'ਚ 1 ਸਾਲ ਬਾਅਦ ਵਾਪਸੀ ਕਰ ਭਾਰਤੀ ਟੀਮ 'ਚ 2019 ਵਿਸ਼ਵ ਕੱਪ ਦਾ ਮੈਂਬਰ ਬਣਨ ਦੀ ਉਮੀਦ ਨੂੰ ਕਾਇਮ ਰੱਖਿਆ ਹੈ। ਖੱਬੇ ਹੱਥ ਨਾਲ ਗੇਂਦ ਕਰਵਾਉਣ ਵਾਲੇ ਜਡੇਜਾ ਨੇ ਏਸ਼ੀਆ ਕੱਪ ਟੂਰਨਾਮੈਂਟ 'ਚ ਬੰਗਲਾਦੇਸ਼ ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਡੇਜਾ ਨੇ 9 ਓਵਰਾਂ 'ਚ 29 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਜਡੇਜਾ ਨੇ ਸਾਬਤ ਕਰ ਦਿੱਤਾ ਕਿ ਜਦੋਂ ਵੀ ਮੌਕਾ ਮਿਲੇਗਾ ਉਹ ਟੀਮ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗਾ।
ਇੰਗਲੈਂਡ ਖਿਲਾਫ ਵੀ ਕੀਤਾ ਸੀ ਕਮਾਲ
ਓਵਲ 'ਚ ਇੰਗਲੈਂਡ ਖਿਲਾਫ 5 ਮੈਚਾਂ ਦੇ ਆਖਰੀ ਟੈਸਟ 'ਚ ਵੀ ਜਡੇਜਾ ਨੇ ਪਹਿਲੀ ਪਾਰੀ 'ਚ 4 ਵਿਕਟਾਂ ਆਪਣੇ ਨਾਂ ਕੀਤੀਆਂ ਸਨ ਤੇ ਦੂਜੀ ਪਾਰੀ 'ਚ 3 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਇਸ ਮੈਚ 'ਚ ਉਨ੍ਹਾਂ ਨੇ 86 ਦੌੜਾਂ ਦੀ ਜੇਤੂ ਪਾਰੀ ਵੀ ਖੇਡੀ ਸੀ।
ਕਿਸ ਗੇਂਦਬਾਜ਼ ਨੂੰ ਰਹਿਣਾ ਹੋਵੇਗਾ ਬਾਹਰ
ਜੇਕਰ ਜਡੇਜਾ ਬਾਕੀ ਮੈਚਾਂ 'ਚ ਵੀ ਵਿਕਟਾਂ ਹਾਸਲ ਕਰਨ ਦੇ ਨਾਲ-ਨਾਲ ਵਧੀਆ ਬੱਲੇਬਾਜ਼ੀ ਵੀ ਕਰਦੇ ਹਨ ਤਾਂ ਉਸ ਨੂੰ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਖੇਡਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਜਡੇਜਾ ਦੀ ਵਾਪਸੀ 'ਤੇ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਨੂੰ ਬਾਹਰ ਦਾ ਰਸਤਾ ਦੇਖਣਾ ਪੈ ਸਕਦਾ ਹੈ। ਚਾਹਲ ਪਿਛਲੇ ਕੁਝ ਮੈਚਾਂ 'ਚ ਆਪਣੀ ਲੈਅ 'ਚ ਨਜ਼ਰ ਨਹੀਂ ਆ ਰਹੇ ਜਿਸ ਤਰ੍ਹਾਂ ਉਹ ਸ਼ੁਰੂਆਤੀ ਮੈਚ 'ਚ ਦਿਖੇ ਸਨ। ਯਾਦਵ ਕੋਲ ਵੀ ਵਿਦੇਸ਼ੀ ਪਿੱਚਾਂ ਦਾ ਵੀ ਅਨੁਭਵ ਨਹੀਂ ਜੋ ਜਡੇਜਾ ਕੋਲ ਹੈ।
ਇੰਗਲੈਂਡ ਦੌਰੇ 'ਤੇ ਚਾਹਲ ਰਹੇ ਫਲਾਪ
ਇੰਗਲੈਂਡ ਦੌਰੇ 'ਤੇ 3 ਵਨ ਡੇ ਤੇ 3 ਟੀ20 ਮੈਚਾਂ ਦੀ ਸੀਰੀਜ਼ ਦੇ ਦੌਰਾਨ ਚਾਹਲ ਪੂਰੀ ਤਰ੍ਹਾਂ ਨਾਲ ਫਲਾਪ ਸਾਬਤ ਹੋਏ। ਉਨ੍ਹਾਂ ਨੇ ਟੀ20 ਸੀਰੀਜ਼ 'ਚ ਸਿਰਫ 1 ਜਦਕਿ ਵਨ ਡੇ ਸੀਰੀਜ਼ 'ਚ 2 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਚਾਹਲ ਨੇ ਏਸ਼ੀਆ ਕੱਪ 'ਚ ਹਾਂਗਕਾਂਗ ਵਰਗੀ ਕਮਜ਼ੋਰ ਟੀਮ ਖਿਲਾਫ ਜ਼ਰੂਰ 3 ਵਿਕਟਾਂ ਹਾਸਲ ਕੀਤੀਆਂ ਪਰ ਅਗਲੇ ਮੈਚ 'ਚ ਪਾਕਿਸਤਾਨ ਖਿਲਾਫ ਇਕ ਵੀ ਵਿਕਟ ਹਾਸਲ ਨਹੀਂ ਕੀਤੀ।