ਇਸ ਕ੍ਰਿਕਟ ਬੋਰਡ ''ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ''ਤਾ ਬੈਨ
Monday, Jun 01, 2026 - 06:53 PM (IST)
ਸਪੋਰਟਸ ਡੈਸਕ- ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਇੱਕ ਵੱਡਾ ਅਤੇ ਸਖ਼ਤ ਫੈਸਲਾ ਲੈਂਦਿਆਂ ਕੈਨੇਡਾ ਕ੍ਰਿਕਟ ਬੋਰਡ ਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਅਹਿਮਦਾਬਾਦ ਵਿੱਚ ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਕੌਂਸਲ ਨੇ ਕੈਨੇਡੀਅਨ ਬੋਰਡ ਨੂੰ ਮੈਂਬਰਸ਼ਿਪ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ।
ਪ੍ਰਸ਼ਾਸਨਿਕ ਖਾਮੀਆਂ ਅਤੇ ਫਿਕਸਿੰਗ ਦਾ ਸ਼ੱਕ
ਕੈਨੇਡਾ ਕ੍ਰਿਕਟ ਬੋਰਡ ਪਿਛਲੇ ਕੁਝ ਸਮੇਂ ਤੋਂ ਗਲਤ ਕਾਰਨਾਂ ਕਰਕੇ ਚਰਚਾ ਵਿੱਚ ਸੀ। ਬੋਰਡ ਵਿੱਚ ਪ੍ਰਸ਼ਾਸਨਿਕ ਅਵਿਵਸਥਾ ਅਤੇ ਗਵਰਨੈਂਸ ਨਾਲ ਜੁੜੇ ਕਈ ਮੁੱਦੇ ਚੱਲ ਰਹੇ ਸਨ। ਇਸ ਤੋਂ ਇਲਾਵਾ, ਟੀ-20 ਵਿਸ਼ਵ ਕੱਪ 2026 ਦੌਰਾਨ ਕੈਨੇਡੀਅਨ ਟੀਮ ਦੇ ਕੁਝ ਮੈਚਾਂ ਵਿੱਚ ਫਿਕਸਿੰਗ ਹੋਣ ਦਾ ਸ਼ੱਕ ਵੀ ਜਤਾਇਆ ਗਿਆ ਸੀ, ਜਿਸ ਕਾਰਨ ਬੋਰਡ 'ਤੇ ਪਹਿਲਾਂ ਹੀ ਕਾਰਵਾਈ ਦੀ ਤਲਵਾਰ ਲਟਕ ਰਹੀ ਸੀ।
ਟੀਮ ਦੇ ਖੇਡਣ 'ਤੇ ਕੋਈ ਰੋਕ ਨਹੀਂ
ਹਾਲਾਂਕਿ ਬੋਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਆਈ.ਸੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਕੈਨੇਡੀਅਨ ਕ੍ਰਿਕਟ ਟੀਮ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਕੈਨੇਡਾ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਆਈ.ਸੀ.ਸੀ. ਦੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਜਾਰੀ ਰੱਖ ਸਕਣਗੀਆਂ। ਇਸ ਦੇ ਨਾਲ ਹੀ, ਆਈ.ਸੀ.ਸੀ. ਵੱਲੋਂ ਮਿਲਣ ਵਾਲੀ ਫੰਡਿੰਗ ਵੀ ਇੱਕ ਵਿਸ਼ੇਸ਼ ਵਿਵਸਥਾ ਤਹਿਤ ਸਿੱਧੀ ਖਿਡਾਰੀਆਂ ਅਤੇ ਟੀਮਾਂ ਤੱਕ ਪਹੁੰਚਾਈ ਜਾਵੇਗੀ।
ਬਹਾਲੀ ਲਈ ਰੱਖੀਆਂ ਸ਼ਰਤਾਂ
ਆਈ.ਸੀ.ਸੀ. ਨੇ ਕੈਨੇਡਾ ਕ੍ਰਿਕਟ ਬੋਰਡ ਨੂੰ ਆਪਣੀ ਮੈਂਬਰਸ਼ਿਪ ਮੁੜ ਬਹਾਲ ਕਰਵਾਉਣ ਦਾ ਇੱਕ ਮੌਕਾ ਦਿੱਤਾ ਹੈ। ਇਸ ਲਈ ਬੋਰਡ ਨੂੰ ਆਪਣੇ ਪ੍ਰਸ਼ਾਸਨਿਕ ਢਾਂਚੇ ਅਤੇ ਗਵਰਨੈਂਸ ਵਿੱਚ ਵੱਡੇ ਸੁਧਾਰ ਕਰਨੇ ਹੋਣਗੇ। ਆਈ.ਸੀ.ਸੀ. ਦੀ ਇੱਕ ਵਿਸ਼ੇਸ਼ ਕਮੇਟੀ ਇਨ੍ਹਾਂ ਸੁਧਾਰਾਂ ਦੀ ਨਿਗਰਾਨੀ ਕਰੇਗੀ ਅਤੇ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਬੋਰਡ ਤੋਂ ਪਾਬੰਦੀ ਹਟਾਈ ਜਾਵੇਗੀ।
