ਬੱਲੇਬਾਜ਼ਾਂ ਦੀ ਸੂਚੀ ’ਚ ਰਿਸ਼ਭ ਪੰਤ ਨੇ ਮਾਰੀ ਬਾਜ਼ੀ, ਬਣੇ ਸਿਖ਼ਰਲੇ ਦਰਜੇ ਦੇ ਵਿਕਟਕੀਪਰ ਬੱਲੇਬਾਜ਼

Wednesday, Jan 20, 2021 - 04:57 PM (IST)

ਬੱਲੇਬਾਜ਼ਾਂ ਦੀ ਸੂਚੀ ’ਚ ਰਿਸ਼ਭ ਪੰਤ ਨੇ ਮਾਰੀ ਬਾਜ਼ੀ, ਬਣੇ ਸਿਖ਼ਰਲੇ ਦਰਜੇ ਦੇ ਵਿਕਟਕੀਪਰ ਬੱਲੇਬਾਜ਼

ਦੁਬਈ (ਭਾਸ਼ਾ) : ਭਾਰਤ ਦੇ ਰਿਸ਼ਭ ਪੰਤ ਆਸਟਰੇਲੀਆ ਖ਼ਿਲਾਫ਼ ਬ੍ਰਿਸਬੇਨ ਟੈਸਟ ਮੈਚ ਵਿਚ ਨਾਬਾਦ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਨਾਲ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਰੈਂਕਿੰਗ ਦੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਪੰਤ ਬੱਲੇਬਾਜ਼ਾਂ ਦੀ ਸੂਚੀ ਵਿਚ 13ਵੇਂ ਸਥਾਨ ’ਤੇ ਪਹੁੰਚੇ ਹਨ, ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਉਤਮ ਰੈਂਕਿੰਗ ਹੈ। ਆਪਣੀ ਬੱਲੇਬਾਜ਼ੀ ਕਾਰਨ ਵਿਸ਼ੇਸ਼ ਪਛਾਣ ਬਣਾ ਰਹੇ ਪੰਤ ਦੇ 691 ਅੰਕ ਹਨ। ਵਿਕਟਕੀਪਰ ਬੱਲੇਬਾਜ਼ਾਂ ਵਿਚ ਉਨ੍ਹਾਂ ਦੇ ਬਾਅਦ ਦੱਖਣੀ ਅਫਰੀਕਾ ਦੇ ਕਵਿੰਟਨ ਡਿਕਾਕ ਦਾ ਨੰਬਰ ਆਉਂਦਾ ਹੈ ਜੋ 677 ਅੰਕਾਂ ਨਾਲ 15ਵੇਂ ਸਥਾਨ ’ਤੇ ਹਨ। ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੁਸ਼ੇਨ ਬ੍ਰਿਸਬੇਨ ਵਿਚ ਪਹਿਲੀ ਪਾਰੀ ਦੇ ਸੈਂਕੜੇ ਦੇ ਦਮ ’ਤੇ ਭਾਰਤੀ ਕਪਤਾਨ ਵਿਰਾਟ ਕੋਹਲੀ (862 ਅੰਕ) ਤੋਂ ਅੱਗੇ ਨਿਕਲ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਲਾਬੁਸ਼ੇਨ ਦੇ 878 ਅੰਕ ਹਨ। ਕੋਹਲੀ ਪੈਟਰਨਟੀ ਛੁਟੀ ਕਾਰਨ ਆਸਟਰੇਲੀਆ ਦੌਰੇ ਦੇ ਆਖਰੀ ਤਿੰਨ ਮੈਚਾਂ ਵਿਚ ਨਹੀਂ ਖੇਡੇ ਸਨ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (919) ਅਤੇ ਆਸਟਰੇਲੀਆ ਦੇ ਸਟੀਵ ਸਮਿਥ (891) ਪਹਿਲੇ ਦੋ ਸਥਾਨਾਂ ’ਤੇ ਹਨ।

ਇਹ ਵੀ ਪੜ੍ਹੋ: ਜਾਂਚ ਪੈਨਲ ਦਾ ਦਾਅਵਾ, ਕੋਰੋਨਾ ਲਈ ਚੀਨ-WHO ਜ਼ਿੰਮੇਵਾਰ, ਦੋਵਾਂ ਦੇ ਝੂਠ ਕਾਰਨ ਲੱਖਾਂ ਲੋਕਾਂ ਦੀ ਗਈ ਜਾਨ

PunjabKesari

ਨੌਜਵਾਨ ਭਾਰਤੀ ਸਲਾਮੀ ਬੱਲੇਬਾਜ ਸ਼ੁਭਮਨ ਗਿਲ ਨੇ ਅੱਗੇ ਵਧਣਾ ਜਾਰੀ ਰੱਖਿਆ। ਉਹ ਦੂਜੀ ਪਾਰੀ ਵਿਚ 91 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ 68ਵੇਂ ਤੋਂ 47ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦੋਂਕਿ ਮੱਧਕਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਕ ਪਾਏਦਾਨ ਉਪਰ 7ਵੇਂ ਸਥਾਨ ’ਤੇ ਕਾਬਿਜ ਹੋ ਗਏ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਮੁਹੰਮਦ ਸਿਰਾਜ 32 ਪਾਏਦਾਨ ਦੀ ਛਲਾਂਗ ਲਗਾ ਕੇ 45ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਮੈਚ ਵਿਚ 6 ਵਿਕਟਾਂ ਲਈਆਂ, ਜਿਨ੍ਹਾਂ ਵਿਚ ਦੂਜੀ ਪਾਰੀ ਦੀਆਂ 5 ਵਿਕਟਾਂ ਵੀ ਸ਼ਾਮਲ ਹਨ। ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਵਾਸ਼ਿੰਗਟਨ ਸੁੰਦਰ ਅਤੇ ਸ਼ਾਰਦੁਲ ਠਾਕੁਰ ਨੇ ਵੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਆਪਣੇ ਯੋਗਦਾਨ ਨਾਲ ਰੈਂਕਿੰਗ ਵਿਚ ਜਗ੍ਹਾ ਹਾਸਲ ਕੀਤੀ ਹੈ। ਵਾਸ਼ਿੰਗਟਨ ਬੱਲੇਬਾਜ਼ੀ ਵਿਚ 82ਵੇਂ ਅਤੇ ਗੇਂਦਬਾਜ਼ੀ ਵਿਚ 97ਵੇਂ, ਜਦੋਂਕਿ ਠਾਕੁਰ ਬੱਲੇਬਾਜ਼ੀ ਸੂਚੀ ਵਿਚ 113ਵੇਂ ਅਤੇ ਗੇਂਦਬਾਜ਼ੀ ਵਿਚ 65ਵੇਂ ਸਥਾਨ ’ਤੇ ਹਨ।

ਇਹ ਵੀ ਪੜ੍ਹੋ: ਟੀਮ ਇੰਡੀਆ ਦੀ ਜਿੱਤ ’ਤੇ ਆਸਟ੍ਰੇਲੀਆਈ ਪ੍ਰਸ਼ੰਸਕ ਨੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ, ਵੇਖੋ ਵੀਡੀਓ

ਆਸਟ੍ਰੇਲੀਆਈ ਕਪਤਾਨ ਟਿਮ ਪੇਨ 50 ਅਤੇ 27 ਦੌੜਾਂ ਦੀਆਂ ਪਾਰੀਆਂ ਨਾਲ ਤਿੰਨ ਪਾਏਦਾਨ ਉਪਰ 42ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦੋਂਕਿ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਨਿਊਜ਼ੀਲੈਂਡ ਦੇ ਟਿਮ ਸਾਉਦੀ ਨੂੰ ਪਿੱਛੇ ਛੱਡ ਕੇ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 5 ਵਿਕਟਾਂ  ਸਮੇਤ ਮੈਚਾਂ ਵਿਚ ਕੁੱਲ 6 ਵਿਕਟਾਂ ਲਈਆਂ ਸਨ। ਇੰਗਲੈਂਡ ਦੇ ਜੋ ਰੂਟ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ 228 ਦੌੜਾਂ ਦੀ ਪਾਰੀ ਦੇ ਦਮ ’ਤੇ ਬੱਲੇਬਾਜ਼ਾਂ ਦੀ ਸੂਚੀ ਵਿਚ ਸਿਖ਼ਰ 5 ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਦੇ 783 ਅੰਕ ਹਨ ਜੋ ਪਿਛਲੇ 2 ਸਾਲਾਂ ਵਿਚ ਉਨ੍ਹਾਂ ਦੇ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਹਨ। ਰੂਟ 6 ਪਾਏਦਾਨ ਅੱਗੇ ਵਧੇ। 

ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਵੱਲੋਂ ਹੁਣ ਨਹੀਂ ਖੇਡਣਗੇ ਕ੍ਰਿਕਟਰ ਹਰਭਜਨ ਸਿੰਘ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News