WTC ਪੜਾਅ ’ਚ ਅੰਕ ਪ੍ਰਣਾਲੀ ’ਚ ਬਦਲਾਅ ’ਤੇ ਸਹਿਮਤ ਹੋ ਸਕਦੈ ICC
Sunday, Apr 13, 2025 - 01:54 PM (IST)

ਲੰਡਨ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਗਲੇ ਪੜਾਅ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੀ ਅੰਕ ਪ੍ਰਣਾਲੀ ’ਚ ਵੱਡੇ ਬਦਲਾਅ ’ਤੇ ਸਹਿਮਤ ਹੋ ਸਕਦਾ ਹੈ । ਖੇਡ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਲੰਬੇ ਸਮੇਂ ਤੋਂ ਜਿੱਤ ਦੇ ਫਰਕ ਦੇ ਆਧਾਰ ’ਤੇ ਬੋਨਸ ਅੰਕਾਂ ਦੀ ਇਕ ਨਵੀਂ ਪ੍ਰਣਾਲੀ ’ਤੇ ਵਿਚਾਰ ਕਰ ਰਹੀ ਹੈ, ਜਿਵੇਂ ਰਗਬੀ ਯੂਨੀਅਨ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਵਿਚ ਵਿਰੋਧੀ ਟੀਮ ਦੀ ਤਾਕਤ ਦੇ ਆਧਾਰ ’ਤੇ ਜਿੱਤ ਲਈ ਅੰਕ ਦਿੱਤੇ ਜਾਂਦੇ ਹਨ ਤੇ ਵਿਰੋਧੀ ਦੇ ਮੈਦਾਨ ’ਤੇ ਜਿੱਤ ਲਈ ਵਾਧੂ ਅੰਕ ਮਿਲਦੇ ਹਨ।
ਅਗਲਾ ਡਬਲਯੂ. ਟੀ. ਸੀ. ਪੜਾਅ ਇਸ ਸਾਲ ਜੂਨ ਵਿਚ ਭਾਰਤ ਦੇ ਇੰਗਲੈਂਡ ਦੌਰੇ ਦੇ ਨਾਲ ਸ਼ੁਰੂ ਹੋਵੇਗਾ ਜਿਹੜਾ ਲਾਰਡਸ ਵਿਚ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚਾਲੇ 2023-2025 ਪੜਾਅ ਦੇ ਫਾਈਨਲ ਦੀ ਸਮਾਪਤੀ ਦੇ ਪੰਜ ਦਿਨ ਬਾਅਦ ਹੋਵੇਗਾ।
ਮੌਜੂਦਾ ਡਬਲਯੂ. ਟੀ. ਸੀ. ਪ੍ਰਣਾਲੀ ਬਰਾਬਰ ਗਿਣਤੀ ਵਿਚ ਅੰਕ ਪ੍ਰਦਾਨ ਕਰਦੀ ਹੈ, ਜਿਸ ਵਿਚ ਜਿੱਤ ਲਈ 12, ਟਾਈ ਲਈ 6 ਤੇ ਡਰਾਅ ਲਈ 4 ਅੰਕ ਦਿੱਤੇ ਜਾਂਦੇ ਹਨ, ਜਿਸ ਨਾਲ ਨਾਰਾਜ਼ਗੀ ਪੈਦਾ ਹੋਈ ਹੈ ਕਿ ਕ੍ਰਿਕਟ ਨੂੰ ‘ਬਿੱਗ ਥ੍ਰੀ’ ਭਾਰਤ, ਇੰਗਲੈਂਡ ਤੇ ਆਸਟ੍ਰੇਲੀਆ ਨੂੰ ‘ਇਕ-ਦੂਜੇ ਵਿਰੁੱਧ ਜ਼ਿਆਦਾ ਮੈਚ ਖੇਡਣ ਕਾਰਨ ਨੁਕਸਾਨ ਹੁੰਦਾ ਹੈ।’’