ਰੋਹਿਤ-ਸੂਰਿਆ ਤੋਂ ਬਾਅਦ ਹਾਰਦਿਕ ਪੰਡਯਾ ਦਾ ਸ਼ਾਨਦਾਰ ਕੈਮਿਓ, ਭਾਰਤ ਨੇ ਇੰਗਲੈਂਡ ਨੂੰ ਦਿੱਤਾ 172 ਦੌੜਾਂ ਦਾ ਟੀਚਾ
Friday, Jun 28, 2024 - 12:13 AM (IST)
ਸਪੋਰਟਸ ਡੈਸਕ- ਗੁਆਨਾ ਵਿਖੇ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2024 ਦਾ ਸੈਮੀਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜਾਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਵਿਰਾਟ ਕੋਹਲੀ ਇਕ ਵਾਰ ਫ਼ਿਰ ਫਲਾਪ ਰਹੇ। ਉਹ 9 ਗੇਂਦਾਂ 'ਚ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਿਸ਼ਭ ਪੰਤ ਵੀ 4 ਗੇਂਦਾਂ 'ਚ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਕਪਤਾਨ ਰੋਹਿਤ ਸ਼ਰਮਾ ਨੇ ਇਕ ਵਾਰ ਫਿਰ ਤੋਂ ਕਪਤਾਨੀ ਪਾਰੀ ਖੇਡੀ ਤੇ ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨਾਲ ਮਿਲ ਕੇ ਸਕੋਰਬੋਰਡ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਨੇ 39 ਗੇਂਦਾਂ 'ਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ। ਉਹ ਆਦਿਲ ਰਾਸ਼ਿਦ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ।
ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਰੋਹਿਤ ਦਾ ਚੰਗਾ ਸਾਥ ਦਿੱਤਾ ਤੇ 36 ਗੇਂਦਾਂ 'ਚ 47 ਦੌੜਾਂ ਬਣਾ ਕੇ ਜੋਫਰਾ ਆਰਚਰ ਦੀ ਗੇਂਦ 'ਤੇ ਆਊਟ ਹੋ ਗਿਆ। ਹਾਰਦਿਕ ਪੰਡਯਾ ਨੇ ਆਉਂਦੇ ਹੀ ਕੁਝ ਚੰਗੇ ਸ਼ਾਟ ਖੇਡੇ ਤੇ ਕ੍ਰਿਸ ਜਾਰਡਨ ਦੇ ਓਵਰ 'ਚ ਲਗਾਤਾਰ 2 ਛੱਕੇ ਜੜੇ, ਪਰ ਤੀਜਾ ਛੱਕਾ ਲਗਾਉਣ ਦੇ ਚੱਕਰ 'ਚ ਉਹ ਬਾਊਂਡਰੀ 'ਤੇ ਫੜਿਆ ਗਿਆ। ਉਸ ਨੇ 13 ਗੇਂਦਾਂ 'ਚ 23 ਦੌੜਾਂ ਦੀ ਪਾਰੀ ਖੇਡੀ।
ਸ਼ਿਵਮ ਦੁਬੇ ਆਉਂਦੇ ਹੀ ਪਹਿਲੀ ਗੇਂਦ 'ਤੇ ਜਾਰਡਨ ਦੀ ਗੇਂਦ 'ਤੇ ਕੀਪਰ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਅੰਤ 'ਚ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਦੋਵਾਂ ਨੇ ਟੀਮ ਨੂੰ ਇਕ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਇੰਗਲੈਂਡ ਨੂੰ ਜਿੱਤਣ ਲਈ 172 ਦੌੜਾਂ ਬਣਾਉਣੀਆਂ ਪੈਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e