T-20 WC ਜਿੱਤ ਕੇ ਕਾਰਜਕਾਲ ਖ਼ਤਮ ਕਰਨਾ ਚਾਹਾਂਗਾ : ਰਵੀ ਸ਼ਾਸਤਰੀ
Saturday, Sep 18, 2021 - 04:56 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਟੀ-20 ਵਰਲਡ ਕੱਪ ਤੋਂ ਬਾਅਦ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਹ ਆਪਣਾ ਕਰਾਰ ਅੱਗੇ ਵਧਾਉਣਾ ਨਹੀਂ ਚਾਹੁੰਦੇ। ਇਕ ਹਾਲੀਆ ਇੰਟਰਵਿਊ 'ਚ ਸ਼ਾਸਤਰੀ ਨੇ ਇਸ ਗੱਲ ਦਾ ਸੰਕੇਤ ਦਿੰਦਿਆਂ ਕਿਹਾ, 'ਮੈਂ ਤਾਂ ਮੰਨਦਾ ਹਾਂ ਕਿ ਜੋ ਕੁਝ ਵੀ ਮੈਨੂੰ ਚਾਹੀਦਾ ਸੀ ਉਹ ਹਾਸਲ ਕਰ ਲਿਆ ਹੈ।'
ਇਕ ਅਖ਼ਬਾਰ ਨਾਲ ਗੱਲ ਕਰਦਿਆਂ ਸ਼ਾਸਤਰੀ ਬੋਲੇ, 'ਪੰਜ ਸਾਲ ਨੰਬਰ ਇਕ ਦੇ ਤੌਰ 'ਤੇ ਬਣੇ ਰਹਿਣਾ, ਆਸਟ੍ਰੇਲੀਆ 'ਚ ਜਾ ਕੇ ਦੋ ਵਾਰ ਜਿੱਤ ਹਾਸਲ ਕਰਨਾ ਤੇ ਇੰਗਲੈਂਡ ਨੂੰ ਵੀ ਉਸ ਦੇ ਘਰ 'ਤੇ ਹਰਾਇਆ। ਮੈਂ ਇਸ ਵਾਰ ਮਾਈਕਲ ਆਥਰਟਨ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਮੇਰੇ ਲਈ ਤਾਂ ਇਸ ਤੋਂ ਜ਼ਿਆਦਾ ਕੁਝ ਨਹੀਂ ਹੋ ਸਕਦਾ, ਕੋਰੋਨਾ ਦੇ ਸਮੇਂ 'ਚ ਆਸਟ੍ਰੇਲੀਆ ਨੂੰ ਹਰਾਇਆ ਤੇ ਇੰਗਲੈਂਡ ਦੀ ਟੀਮ ਨੂੰ ਵੀ ਉਸ ਦੇ ਘਰ 'ਤੇ ਮਾਤ ਦਿੱਤੀ। ਅਸੀਂ 2-1 ਦੀ ਬੜ੍ਹਤ ਹਾਸਲ ਕੀਤੀ ਤੇ ਜਿਸ ਤਰ੍ਹਾਂ ਨਾਲ ਲਾਡਰਸ ਤੇ ਓਵਲ 'ਚ ਖੇਡਿਆ ਤਾਂ ਉਹ ਬਹੁਤ ਹੀ ਸ਼ਾਨਦਾਰ ਸੀ।'
ਅੱਗੇ ਉਨ੍ਹਾਂ ਕਿਹਾ, 'ਅਸੀਂ ਲਗਭਗ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਘਰ 'ਤੇ ਜਾ ਕੇ ਸੀਮਿਤ ਓਵਰ ਫਾਰਮਟ 'ਚ ਵੀ ਹਰਾਇਆ ਹੈ। ਜੇਕਰ ਟੀ 20 ਵਰਲਡ ਕੱਪ ਨੂੰ ਜਿੱਤਣ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਸੋਨੇ 'ਤੇ ਸੁਹਾਗਾ ਹੋਵੇਗਾ। ਹੁਣ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਹੋ ਸਕਦਾ। ਮੈਂ ਇਕ ਗੱਲ਼ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਕੁਝ ਵੀ ਇਸ ਟੀਮ ਤੋਂ ਮੈਂ ਚਾਹਿਆ ਸੀ ਉਸ ਤੋਂ ਕਿਤੇ ਜ਼ਿਆਦਾ ਹਾਸਲ ਕਰ ਕੇ ਦਿੱਤਾ ਹੈ ਟੀਮ ਨੇ।'