ਨਿਊਜ਼ੀਲੈਂਡ ਲਈ 80-90 ਟੈਸਟ ਖੇਡਣਾ ਚਾਹੁੰਦਾ ਹਾਂ : ਏਜਾਜ਼ ਪਟੇਲ
Wednesday, Dec 08, 2021 - 02:30 PM (IST)
ਮੁੰਬਈ– ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਏਜਾਜ਼ ਪਟੇਲ ਨੂੰ ਇਹ ਨਹੀਂ ਪਤਾ ਹੈ ਕਿ ਟੈਸਟ ਮੈਚ ਦੀ ਇਕ ਪਾਰੀ ਵਿਚ 10 ਵਿਕਟਾਂ ਲੈਣ ਤੋਂ ਬਾਅਦ ਉਸਦੀ ਜ਼ਿੰਦਗੀ ਵਿਚ ਕੀ ਬਦਲਾਅ ਆਵੇਗਾ ਪਰ ਇਸ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਆਪਣੇ ਦੇਸ਼ ਲਈ 80-90 ਟੈਸਟ ਖੇਡਣ ਦੀ ਉਮੀਦ ਹੈ। ਮੁੰਬਈ ਵਿਚ ਜਨਮੇ 33 ਸਾਲ ਦੇ ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਪਿਛਲੇ ਹਫਤੇ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣਾ ਨਾਂ ਦਰਜ ਕਰਵਾਇਆ। ਉਸ ਨੇ ਭਾਰਤ ਦੀ ਪਹਿਲੀ ਪਾਰੀ ਵਿਚ ਸਾਰੀਆਂ10 ਵਿਕਟਾਂ ਲਈਆਂ।
ਉਹ ਜਿਮ ਲੇਕਰ ਤੇ ਅਨਿਲ ਕੁੰਬਲੇ ਤੋਂ ਬਾਅਦ ਅਜਿਹਾ ਕਰਨ ਵਾਲਾ ਸਿਰਫ ਤੀਜਾ ਕ੍ਰਿਕਟਰ ਬਣਿਆ। ਏਜ਼ਾਜ਼ ਦੇ ਪਰਿਵਾਰ ਦੇ ਕਈ ਮੈਂਬਰ ਹੁਣ ਵੀ ਮੁੰਬਈ ਵਿਚ ਰਹਿੰਦੇ ਹਨ। ਭਾਰਤੀ ਟੀਮ ਹੱਥੋਂ ਟੈਸਟ ਲੜੀ ਨੂੰ 0-1 ਨਾਲ ਗਵਾਉਣ ਤੋਂ ਬਾਅਦ ਇੱਥੋਂ ਨਿਊਜ਼ੀਲੈਂਡ ਪਰਤਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਇਸ ਉਪਲੱਬਧੀ ਤੋਂ ਬਾਅਦ ਉਹ ‘ਪੈਸਿਆਂ ਦੇ ਮੀਂਹ’ ਦੀ ਉਮੀਦ ਨਹੀਂ ਕਰ ਰਿਹਾ ਹੈ ਪਰ ਉਸਦੀ ਕੋਸ਼ਿਸ਼ ਏਸ਼ੀਆਈ ਮੂਲ ਦੇ ਬੱਚਿਆਂ ਨੂੰ ਨਿਊਜ਼ੀਲੈਂਡ ਵਿਚ ਖੇਡ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਦੀ ਹੋਵੇਗੀ।