ਮੈਂ ਧੋਨੀ ਦੀ ਕਪਤਾਨੀ ਨੂੰ ਬਚਾਇਆ ਸੀ : ਸ਼੍ਰੀਨਿਵਾਸਨ

Monday, Aug 17, 2020 - 08:58 PM (IST)

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆ ਈ.) ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਨੇ ਖੁਲਾਸਾ ਕੀਤਾ ਹੈ ਕਿ 2011-12 ਵਿਚ ਇੰਗਲੈਂਡ ਤੇ ਆਸਟਰੇਲੀਆ ਦੌਰਿਆ  ’ਤੇ ਟੀਮ ਇੰਡੀਆ  ਦੀ 0-4 ਨਾਲ ਹਾਰ ਤੋਂ ਬਾਅਦ ਉਸ ਨੇ ਧੋਨੀ ਦੀ ਕਪਤਾਨੀ ਨੂੰ ਖੁਸਣ ਤੋਂ ਬਚਾਇਆ ਸੀ। ਸ਼੍ਰੀਨਿਵਾਸਨ ਨੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਹ ਖੁਲਾਸਾ ਕਰਦੇ ਹੋਏ ਕਿਹਾ,‘‘ਭਾਰਤ ਦੀ 2011 ਵਿਚ ਵਿਸ਼ਵ ਕੱਪ ਜਿੱਤ ਦੇ ਬਾਵਜੂਦ ਟੀਮ ਇੰਡੀਆ ਦੀ ਇੰਗਲੈਂਡ ਤੇ ਆਸਟਰੇਲੀਆ ਦੌਰਿਆ ’ਤੇ 0-4 ਨਾਲ ਹਾਰ ਤੋਂ ਬਾਅਦ ਧੋਨੀ ਉੱਪਰ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਗਾਜ਼ ਡਿੱਗਣ ਵਾਲੀ ਸੀ। ਰਾਸ਼ਟਰੀ ਚੋਣਕਾਰ ਆਸਟਰੇਲੀਆ ਵਿਚ ਹੋਣ ਵਾਲੀ ਤਿਕੋਣੀ ਸੀਰੀਜ਼ ਲਈ ਧੋਨੀ ਨੂੰ ਵਨ ਡੇ ਕਪਤਾਨੀ ਤੋਂ ਹਟਾਉਣਾ ਚਾਹੁੰਦੇ ਸਨ। ਚੋਣਕਾਰਾਂ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਧੋਨੀ ਨੇ 28 ਸਾਲ ਬਾਅਦ ਅਪ੍ਰੈਲ 2011 ਵਿਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ।’’
ਚੋਣ ਕਮੇਟੀ ਦੇ ਇਸ ਫੈਸਲੇ ਨੂੰ ਰੋਕਣ ਲਈ ਸ਼੍ਰੀਨਿਵਾਸਨ ਗੋਲਫ ਕੋਰਸ ਤੋਂ ਸਿੱਧਾ ਚੋਣ ਕਮੇਟੀ ਦੀ ਮੀਟਿੰਗ ਵਿਚ ਪਹੁੰਚ ਗਏ ਸਨ। ਸ਼੍ਰੀਨਿਵਾਸਨ ਉਸ ਚੇਨਈ ਸੁਪਰ ਕਿੰਗਜ਼ ਟੀਮ ਦਾ ਮਾਲਕ ਸੀ, ਜਿਸ ਦਾ ਕਪਤਾਨ ਧੋਨੀ ਹੈ। ਸ਼੍ਰੀਨਿਵਾਸਨ ਨੇ ਹੀ ਕਪਤਾਨੀ ਦੇ ਬਦਲਾਅ ਨੂੰ ਰੋਕਿਆ । ਇਹ ਵੀ ਮੰਨਿਆ ਜਾਂਦਾ ਹੈ ਕਿ ਇਸੇ ਵਜ੍ਹਾ ਨਾਲ ਮੋਹਿੰਦਰ ਅਮਰਨਾਥ ਨੂੰ ਚੋਣਕਾਰ ਅਹੁਦੇ ਤੋਂ ਹਟਾਇਆ ਗਿਆ ਸੀ, ਜਿਹੜਾ ਧੋਨੀ ਨੂੰ ਕਪਤਾਨੀ ਤੋਂ ਹਟਾਉਣਾ ਚਾਹੁੰਦਾ ਸੀ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਅਮਰਨਾਥ ਚੋਣ ਕਮੇਟੀ ਵਿਚ ਕੇ. ਸ਼੍ਰੀਕਾਂਤ ਦੀ ਜਗ੍ਹਾ ਚੋਣ ਪ੍ਰਮੱੁਖ ਬਣ ਸਕਦਾ ਸੀ ਪਰ ਇਸ ਮਾਮਲੇ ਦੇ ਕਾਰਣ ਉਸ ਨੂੰ ਚੋਣਕਾਰ ਦਾ ਅਹੁਦਾ ਹੀ ਗੁਆਉਣਾ ਪੈ ਗਿਆ । ਅਮਰਨਾਥ ਦੇ ਸਾਬਕਾ ਟੀਮ ਸਾਥੀ ਸੰਦੀਪ ਪਾਟਿਲ ਨੂੰ ਤਦ ਚੋਣ ਪ੍ਰਮੱੁਖ ਬਣਾਇਆ ਗਿਆ ਸੀ।
 


Gurdeep Singh

Content Editor

Related News