ਮੈਨੂੰ ਖੇਡ 'ਚ ਨਿਰੰਤਰਤਾ ਲਿਆਉਣ ਲਈ ਕਰਨੀ ਹੋਵੇਗੀ ਮਿਹਨਤ : ਹੀਨਾ ਸਿੱਧੂ

05/08/2018 2:58:09 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਅਤੇ ਚਾਂਦੀ ਤਮਗਾ ਹਾਸਲ ਕਰਨ ਵਾਲੀ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਮਿਊਨਿਖ 'ਚ ਹੋਣ ਵਾਲੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ ਵਿਸ਼ਵ ਕੱਪ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ 'ਚ ਨਿਰੰਤਰਤਾ ਲਿਆਉਣ 'ਤੇ ਕੰਮ ਕਰਨਾ ਹੋਵੇਗਾ।

ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਜਰਮਨੀ 'ਚ 22 ਤੋਂ 29 ਮਈ ਤੱਕ ਹੋਵੇਗਾ। ਰਾਸ਼ਟਰਮੰਡਲ ਖੇਡਾਂ 'ਚ 28 ਸਾਲ ਦੀ ਹੀਨਾ ਸਿੱਧੂ ਨੇ 25 ਮੀਟਰ ਪਿਸਟਲ ਮੁਕਾਬਲੇ 'ਚ ਇਨ੍ਹਾਂ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਅਤੇ 10 ਮੀਟਰ 'ਚ ਚਾਂਦੀ ਤਮਗਾ ਆਪਣੇ ਨਾਂ ਕੀਤਾ ਸੀ। ਜਰਮਨੀ ਰਵਾਨਾ ਹੋਣ ਤੋਂ ਪਹਿਲਾਂ ਹੀਨਾ ਨੇ ਕਿਹਾ ਕਿ 8 ਤੋਂ 21 ਮਈ ਤੱਕ ਫੋਰਜਹੇਮ 'ਚ ਪ੍ਰੈਕਟਿਸ ਕਰਾਂਗੀ ਅਤੇ 13 ਮਈ ਨੂੰ ਇਕ ਪ੍ਰੈਕਟਿਸ ਮੈਚ ਵੀ ਖੇਡਾਂਗੀ। ਇਸ ਤੋਂ ਬਾਅਦ ਮੈਨੂੰ ਵਿਸ਼ਵ ਕੱਪ 'ਚ ਹਿੱਸਾ ਵੀ ਲੈਣਾ ਹੈ। ਉਨ੍ਹਾਂ ਕਿਹਾ ਕਿਰ ਮੇਰਾ ਧਿਆਨ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵੱਲ ਹੈ। ਮੈਂ ਰਾਸ਼ਟਰਮੰਡਲ ਖੇਡਾਂ 'ਚ ਅਤੇ ਉਸਦੇ ਬਾਅਦ ਕੋਰੀਆ 'ਚ ਹੋਏ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਦਰਅਸਲ ਜੇਕਰ ਤੁਸੀਂ ਦੇਖੋਗੇ ਤਾਂ ਕੋਰੀਆ 'ਚ ਮੇਰਾ ਪ੍ਰਦਰਸ਼ਨ ਰਾਸ਼ਟਰਮੰਡਲ ਖੇਡਾਂ ਨਾਲੋਂ ਚੰਗਾ ਸੀ ਪਰ ਮੈਂ ਤਮਗਾ ਜਿੱਤਣ 'ਚ ਨਾਕਾਮਯਾਬ ਰਹੀ ਸੀ।

ਹੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਤੋਂ ਕੀਤੀ ਸੀ, ਪਰ 2017 'ਚ ਉਨ੍ਹਾਂ 25 ਮੀਟਰ ਨਿਸ਼ਾਨੇਬਾਜ਼ੀ 'ਚ ਵੀ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਤੋਂ ਉਹ ਆਪਣੇ ਪਤੀ ਅਤੇ ਕੋਚ ਰੌਨਕ ਪੰਡਿਤ ਤੋਂ ਇਸਦੀ ਟਰੇਨਿੰਗ ਲੈ ਰਹੀ ਹੈ। ਉਨ੍ਹਾਂ ਕਿਹਾ ਕਿ 10 ਮੀਟਰ, 25 ਮੀਟਰ ਅਤੇ ਟੀਮ ਮੁਕਾਬਲਾ ਤਿਨਾਂ ਵਰਗਾਂ 'ਚ ਭਾਗ ਲੈਣਾ ਮੁਸ਼ਕਲ ਦਾ ਕੰਮ ਹੈ ਕਿਉਂਕਿ ਸਾਰਿਆਂ 'ਚ ਧਿਆਨ ਅਤੇ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ। ਪਹਿਲਾਂ ਮੈਨੂੰ ਮੁਕਾਬਲਿਆਂ 'ਚ 2-3 ਦਿਨ ਦਾ ਆਰਾਮ ਮਿਲ ਜਾਂਦਾ ਸੀ ਪਰ ਹੁਣ ਮੈਂ ਪ੍ਰਤੀਯੋਗਿਤਾ ਦੇ ਲਗਭਗ ਹਰ ਦਿਨ ਨਿਸ਼ਾਨਾ ਲਗਾਉਂਦੀ ਹਾਂ।


Related News