ਮੈਨੂੰ ਸੰਨਿਆਸ ਸ਼ਬਦ ਪਸੰਦ ਨਹੀਂ : ਲੈਨਿੰਗ
Monday, Feb 19, 2024 - 07:22 PM (IST)
ਬੈਂਗਲੁਰੂ, (ਭਾਸ਼ਾ)– ਮੇਗ ਲੈਨਿੰਗ ਨੂੰ ‘ਸੰਨਿਆਸ’ ਸ਼ਬਦ ਪਸੰਦ ਨਹੀਂ ਹੈ ਪਰ ਆਸਟ੍ਰੇਲੀਆ ਦੀ ਇਹ ਸਾਬਕਾ ਕਪਤਾਨ ਚਮਕ-ਦਮਕ ਤੋਂ ਦੂਰ ਖੁਸ਼ ਹੈ ਤੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਸਮੇਤ ਦੁਨੀਆ ਭਰ ਦੀਆਂ ਫ੍ਰੈਂਚਾਈਜ਼ੀ ਆਧਾਰਿਤ ਕ੍ਰਿਕਟ ਲੀਗਾਂ ਵਿਚ ਆਪਣੇ ਜਨੂਨ ਨੂੰ ਅੱਗੇ ਵਧਾ ਰਹੀ ਹੈ। ਆਸਟ੍ਰੇਲੀਆ ਲਈ 132 ਟੀ-20 ਕੌਮਾਂਤਰੀ ਮੁਕਾਬਲਿਆਂ ਵਿਚ 3405 ਦੌੜਾਂ ਬਣਾਉਣ ਵਾਲੀ ਲੈਨਿੰਗ ਨੇ ਪਿਛਲੇ ਸਾਲ ਨਵੰਬਰ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।
ਉਸ ਨੇ ਪਿਛਲੇ ਸਾਲ ਡਬਲਯੂ. ਪੀ. ਐੱਲ. ਦੇ ਪਹਿਲੇ ਟੂਰਨਾਮੈਂਟ ਵਿਚ ਦਿੱਲੀ ਕੈਪੀਟਲਸ ਦੀ ਅਗਵਾਈ ਕੀਤੀ ਤੇ 9 ਮੈਚਾਂ ਵਿਚ 345 ਦੌੜਾਂ ਦੇ ਨਾਲ ਟੂਰਨਾਮੈਂਟ ਦੀ ਟਾਪ-ਸਕੋਰਰ ਰਹੀ। ਦਿੱਲੀ ਕੈਪੀਟਲਸ ਨੂੰ ਪਿਛਲੇ ਸਾਲ ਫਾਈਨਲ ਵਿਚ ਮੁੰਬਈ ਇੰਡੀਅਨਜ਼ ਵਿਰੁੱਧ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੈਨਿੰਗ ਨੇ ਦਿੱਲੀ ਕੈਪੀਟਲਸ ਦੀ ਪ੍ਰੈੱਸ ਕਾਨਫਰੰਸ ਵਿਚ ਕਿਹਾ,‘‘ਮੈਨੂੰ ਸੰਨਿਆਸ ਸ਼ਬਦ ਪਸੰਦ ਨਹੀਂ ਹੈ ਪਰ ਥੋੜ੍ਹਾ ਸ਼ਾਂਤੀ ਵਿਚ ਰਹਿਣਾ ਚੰਗਾ ਹੈ, ਘਰ ਵਿਚ ਸਮਾਂ ਬਿਤਾਉਣਾ ਤੇ ਵਿਚ-ਵਿਚਾਲੇ ਕ੍ਰਿਕਟ ਖੇਡਣਾ। ਮੈਨੂੰ ਅਜੇ ਵੀ ਖੇਡਣਾ ਪਸੰਦ ਹੈ ਤੇ ਮੈਂ ਡਬਲਯੂ. ਪੀ. ਐੱਲ. ਨੂੰ ਲੈ ਕੇ ਉਤਸ਼ਾਹਿਤ ਹਾਂ। ਉਮੀਦ ਕਰਦੀ ਹਾਂ ਕਿ ਇਸ ਸਾਲ ਦਿੱਲੀ ਨੂੰ ਖਿਤਾਬ ਜਿਤਾਉਣ ਵਿਚ ਮਦਦ ਕਰ ਸਕਾਂਗੀ।’’