ਹੈਦਰਾਬਾਦ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ

04/20/2017 4:22:32 AM

ਹੈਦਰਾਬਾਦ— ਕੇਨ ਵਿਲੀਅਮਸਨ ਤੇ ਸ਼ਿਖਰ ਧਵਨ ਵਿਚਾਲੇ ਦੂਜੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਹੈਦਰਾਬਾਦ ਨੇ ਬੁੱਧਵਾਰ ਇੱਥੇ ਦਿੱਲੀ ਨੂੰ 15 ਦੌੜਾਂ ਨਾਲ ਹਰਾ ਕੇ ਟੀ-20 ਲੀਗ ਵਿਚ ਆਪਣੀ ਚੌਥੀ ਜਿੱਤ ਦਰਜ ਕੀਤੀ। ਵਿਲੀਅਮਸਨ ਨੇ ਆਪਣੇ ਤਿੱਖੇ ਤੇਵਰਾਂ ਦਾ ਖੁੱਲ੍ਹ ਕੇ ਇਜ਼ਹਾਰ ਕਰਦਿਆਂ 51 ਗੇਂਦਾਂ ''ਤੇ ਛੇ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ ਤੇ ਸ਼ਿਖਰ ਧਵਨ (50 ਗੇਂਦਾਂ ''ਤੇ 70 ਦੌੜਾਂ) ਨਾਲ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 136 ਦੌੜਾਂ ਜੋੜੀਆਂ, ਜਿਸ ਨਾਲ ਉਸਦੀ ਟੀਮ ਨੇ ਚਾਰ ਵਿਕਟਾਂ ''ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿਚ ਦਿੱਲੀ ਦੀ ਟੀਮ ਪੰਜ ਵਿਕਟਾਂ ''ਤੇ 176 ਦੌੜਾਂ ਤਕ ਹੀ ਪਹੁੰਚ ਸਕੀ। ਉਸ ਵੱਲੋਂ ਸ਼੍ਰੇਅਸ ਅਈਅਰ ਨੇ 31 ਗੇਂਦਾਂ ''ਤੇ ਸਭ ਤੋਂ ਵੱਧ ਅਜੇਤੂ 50 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ 33 ਗੇਂਦਾਂ ''ਤੇ 42 ਤੇ ਕਰੁਣ ਨਾਇਰ ਨੇ 23 ਗੇਂਦਾਂ ''ਤੇ 33 ਦੌੜਾਂ ਦਾ ਯੋਗਦਾਨ ਦਿੱਤਾ। ਹੈਦਰਾਬਾਦ ਵੱਲੋਂ ਮੁਹੰਮਦ ਸਿਰਾਜ ਨੇ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਹੈਦਰਬਾਦ ਦੀ ਇਹ ਛੇ ਮੈਚਾਂ ਵਿਚ ਚੌਥੀ ਜਿੱਤ ਹੈ, ਜਿਸ ਨਾਲ ਉਸਦੇ ਅੱਠ ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਦੂਜੇ ਸਥਾਨ ''ਤੇ ਪਹੁੰਚ ਗਿਆ ਹੈ। ਦਿੱਲੀ ਦੀ ਇਹ ਪੰਜ ਮੈਚਾਂ ਵਿਚ ਤੀਜੀ ਹਾਰ ਹੈ ਤੇ ਉਹ ਚੌਥੇ ਸਥਾਨ ''ਤੇ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਪਾਰੀ ਵਿਲੀਅਮਸਨ ਤੇ ਧਵਨ ਦੇ ਸੈਂਕੜੇ ਵਾਲੀ ਸਾਂਝੇਦਾਰੀ ''ਤੇ ਹੀ ਨਿਰਭਰ ਰਹੀ। ਹੈਦਰਾਬਾਦ ਦੀ ਟੀ-20 ਲੀਗ ਵਿਚ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਵਿਚ ਇਹ ਪਹਿਲੀ ਸਾਂਝੇਦਾਰੀ ਹੈ, ਜਿਸ ਵਿਚ ਵਾਰਨਰ ਸ਼ਾਮਲ ਨਹੀਂ ਹੈ। ਅਸਲ ਵਿਚ ਵਾਰਨਰ ਨੇ ਜਦੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤਾਂ ਉਹ ਖੁਦ ਦੂਜੇ ਓਵਰ ਵਿਚ ਪੈਵੇਲੀਅਨ ਪਰਤ ਗਿਆ ਸੀ। ਇਸ ਤਰ੍ਹਾਂ ਨਾਲ ਉਹ ਟੀ-20 ਲੀਗ ਦੀਆਂ ਪਿਛਲੀਆਂ 16 ਪਾਰੀਆਂ ''ਚ ਪਹਿਲੀ ਵਾਰ ਦੋਹਰੇ ਅੰਕ ਵਿਚ ਪਹੁੰਚਣ ਵਿਚ ਅਸਫਲ ਰਿਹਾ।

Related News