ਪਲੇਅ ਆਫ ਦੀ ਦੌੜ ’ਚ ਬਣੇ ਰਹਿਣ ਲਈ ਲਖਨਊ ਨੂੰ ਹਰਾਉਣ ਉਤਰੇਗੀ ਹੈਦਰਾਬਾਦ

Tuesday, May 07, 2024 - 07:26 PM (IST)

ਪਲੇਅ ਆਫ ਦੀ ਦੌੜ ’ਚ ਬਣੇ ਰਹਿਣ ਲਈ ਲਖਨਊ ਨੂੰ ਹਰਾਉਣ ਉਤਰੇਗੀ ਹੈਦਰਾਬਾਦ

ਹੈਦਰਾਬਾਦ, (ਭਾਸ਼ਾ)– ਆਪਣੇ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਉੱਭਰ ਕੇ ਸਨਰਾਈਜ਼ਰਜ਼ ਹੈਦਰਾਬਾਦ ਲਖਨਊ ਸੁਪਰ ਜਾਇੰਟਸ ਵਿਰੁੱਧ ਬੁੱਧਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਜਿੱਤ ਦਰਜ ਕਰਕੇ ਪਲੇਅ ਆਫ ਦਾ ਦਾਅਵਾ ਪੁਖਤਾ ਕਰਨ ਦੇ ਇਰਾਦੇ ਨਾਲ ਉਤਰੇਗੀ। ਦੋਵੇਂ ਟੀਮਾਂ ਦੇ 11 ਮੈਚਾਂ ਵਿਚੋਂ 12 ਅੰਕ ਹਨ। ਸਨਰਾਈਜ਼ਰਜ਼ ਦੀ ਨੈੱਟ ਰਨ ਰੇਟ (-0.065), ਲਖਨਊ (-0.371) ਤੋਂ ਬਿਹਤਰ ਹੈ। ਅੰਕ ਸੂਚੀ ਵਿਚ ਕੋਲਕਾਤਾ ਨਾਈਟ ਰਾਈਡਰਜ਼ (16), ਰਾਜਸਥਾਨ ਰਾਇਲਜ਼ (16) ਤੇ ਚੇਨਈ ਸੁਪਰ ਕਿੰਗਜ਼ (12) ਉਸ ਤੋਂ ਉੱਪਰ ਹਨ। ਸਨਰਾਈਜ਼ਰਜ਼ ਤੇ ਲਖਨਊ ਵਿਚੋਂ ਜਿਹੜੀ ਜਿੱਤੇਗੀ, ਉਹ ਪਲੇਅ ਆਫ ਦੀ ਦੌੜ ਵਿਚ ਇਕ ਕਦਮ ਅੱਗੇ ਵਧੇਗੀ।

ਪੈਟ ਕਮਿੰਸ ਦੀ ਕਪਤਾਨੀ ਵਾਲੀ ਟੀਮ ਵਿਚ ਪ੍ਰਤਿਭਾ ਦੀ ਕਮੀ ਨਹੀਂ ਹੈ ਪਰ ਪਿਛਲੇ ਕੁਝ ਮੈਚਾਂ ਵਿਚ ਉਸਦੀ ਜੇਤੂ ਮੁਹਿੰਮ ’ਤੇ ਰੋਕ ਲੱਗ ਗਈ ਹੈ। ਪਿਛਲੇ ਚਾਰ ਵਿਚੋਂ ਤਿੰਨ ਮੈਚਾਂ ਵਿਚ ਸਨਰਾਈਜ਼ਰਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਉਸਦੇ ਹਮਲਾਵਰ ਬੱਲੇਬਾਜ਼ ਅਸਫਲ ਰਹੇ ਹਨ। ਮੁੰਬਈ ਇੰਡੀਅਨਜ਼ ਵਿਰੁੱਧ ਪਿਛਲੇ ਮੈਚ ਵਿਚ ਉਹ ਵੱਡਾ ਸਕੋਰ ਨਾ ਬਣਾਉਣ ਕਾਰਨ 7 ਵਿਕਟਾਂ ਨਾਲ ਹਾਰ ਗਏ। ਟ੍ਰੈਵਿਸ ਹੈੱਡ ਨੂੰ ਛੱਡ ਕੇ ਬਾਕੀ ਬੱਲੇਬਾਜ਼ ਪਿਛਲੇ ਕੁਝ ਮੈਚਾਂ ਵਿਚ ਖਰਾਬ ਫਾਰਮ ਵਿਚ ਰਹੇ ਹਨ। ਨੌਜਵਾਨ ਅਭਿਸ਼ੇਕ ਸ਼ਰਮਾ ਪਿਛਲੇ ਚਾਰ ਮੈਚਾਂ ਵਿਚ 30 ਦੌੜਾਂ ਤੋਂ ਅੱਗੇ ਨਹੀਂ ਜਾ ਸਕਿਆ ਹੈ। ਸਨਰਾਈਜ਼ਰਜ਼ ਦੇ ਮੁੱਖ ਕੋਚ ਡੇਨੀਅਲ ਵਿਟੋਰੀ ਨੇ ਸਵੀਕਾਰ ਕੀਤਾ ਹੈ ਕਿ ਹਰ ਵਾਰ ਸਲਾਮੀ ਬੱਲੇਬਾਜ਼ਾਂ ’ਤੇ ਹੀ ਜ਼ਿੰਮੇਵਾਰੀ ਨਹੀਂ ਛੱਡੀ ਜਾ ਸਕਦੀ, ਮੱਧਕ੍ਰਮ ਨੂੰ ਵੀ ਕਮਾਨ ਸੰਭਾਲਣੀ ਪਵੇਗੀ। ਹੈਨਰਿਕ ਕਲਾਸੇਨ ਲਗਾਤਾਰ ਚੰਗਾ ਖੇਡਣ ਵਿਚ ਅਸਫਲ ਰਿਹਾ ਹੈ ਤੇ ਨਿਤਿਸ਼ ਰੈੱਡੀ ਨੇ ਵੀ ਟੁਕੜਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀ. ਨਟਰਾਜਨ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ ਜਦਕਿ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਨੇ ਵੀ ਲੈਅ ਹਾਸਲ ਕਰ ਲਈ ਹੈ।

ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਵਿਰੁੱਧ ਇਕਾਨਾ ਸਟੇਡੀਅਮ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ ਤੇ ਪਹਿਲੀ ਵਾਰ 200 ਤੋਂ ਵੱਧ ਦੌੜਾਂ ਦੇਣ ਤੋਂ ਬਾਅਦ 137 ਦੌੜਾਂ ’ਤੇ ਆਊਟ ਹੋ ਗਈ। ਕਪਤਾਨ ਕੇ. ਐੱਲ. ਰਾਹੁਲ ਅਸਫਲ ਰਿਹਾ ਜਦਕਿ ਮਾਰਕਸ ਸਟੋਇੰਸ ਤੇ ਨਿਕੋਲਸ ਪੂਰਨ ਵੀ ਵੱਡੀਆਂ ਪਾਰੀਆਂ ਨਹੀਂ ਖੇਡ ਸਕੇ। ਆਯੂਸ਼ ਬਾਦੋਨੀ ਦਾ ਇਸ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਔਸਤ ਹੀ ਰਿਹਾ ਹੈ ਤੇ ਉਹ ਆਪਣੀ ਉਪਯੋਗਿਤਾ ਸਾਬਤ ਕਰਨਾ ਚਾਹੇਗਾ। ਗੇਂਦਬਾਜ਼ੀ ਵਿਚ ਤੇਜ਼ ਗੇਂਦਬਾਜ਼ ਮਯੰਕ ਯਾਦਵ ਆਈ. ਪੀ. ਐੱਲ. ਵਿਚੋਂ ਬਾਹਰ ਹੋ ਗਿਆ ਹੈ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਨੂੰ ਵੀ ਸੱਟ ਲੱਗੀ ਹੈ। ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ, ਨੌਜਵਾਨ ਯਸ਼ ਠਾਕੁਰ, ਸਟੋਇੰਸ ਤੇ ਸਪਿਨਰ ਕਰੁਣਾਲ ਪੰਡਯਾ ਤੇ ਰਵੀ ਬਿਸ਼ਨੋਈ ’ਤੇ ਦਾਰੋਮਦਾਰ ਹੋਵੇਗਾ।


author

Tarsem Singh

Content Editor

Related News