ਹਰਿਕਾ ਡਰਾਅ ਨਾਲ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ ਪਹੁੰਚੀ

02/15/2019 10:10:02 PM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਕੈਰੰਸ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ ਭਾਰਤ ਦੀ ਗ੍ਰੈਂਡ ਮਾਸਟਰ ਤੇ 2 ਵਾਰ ਦੀ ਵਿਸ਼ਵ ਕਾਂਸੀ ਤਮਗਾ ਜੇਤੂ ਹਰਿਕਾ ਦ੍ਰੋਣਾਵਲੀ ਨੇ ਰਾਊਂਡ 7 ਤੇ 8 ਦੇ ਮੁਕਾਬਲੇ ਡਰਾਅ ਖੇਡਦੇ ਹੋਏ ਸਾਂਝੇ ਤੌਰ 'ਤੇ ਤੀਜੇ ਸਥਾਨ ਤਕ ਆਪਣੀ ਪਹੁੰਚ ਬਣਾ ਲਈ ਹੈ ਤੇ ਜੇਕਰ ਉਹ ਆਖਰੀ ਰਾਊਂਡ ਦਾ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਹ ਸਿੰਗਲਜ਼ 'ਚ ਤੀਜੇ ਸਥਾਨ 'ਤੇ ਵੀ ਪਹੁੰਚ ਸਕਦੀ ਹੈ।
ਛੇਵੇਂ ਰਾਊਂਡ ਵਿਚ ਕਜ਼ਾਕਿਸਤਾਨ ਦੀ ਅਬੁਦਮਲਿਕ ਜਹਾਂਸਾਯਾ ਤੋਂ ਬੇਹੱਦ ਉਤਰਾਅ-ਚੜ੍ਹਾਅ ਵਾਲਾ ਮੈਚ ਜਿੱਤਣ ਤੋਂ ਬਾਅਦ ਹਰਿਕਾ ਦੀ ਖੇਡ ਵਿਚ ਹੋਰ ਨਿਖਾਰ ਨਜ਼ਰ ਆਇਆ। 7ਵੇਂ ਰਾਊਂਡ 'ਚ ਉਸ ਨੇ ਸਾਬਕਾ ਵਿਸ਼ਵ ਚੈਂਪੀਅਨ ਤੇ ਟਾਪ ਸੀਡ ਰੂਸ ਦੀ ਅਲੈਗਜ਼ੈਂਡਰਾ ਕੋਸਿਟਨੀਯੁਕ ਨਾਲ ਆਸਾਨ ਡਰਾਅ ਖੇਡਿਆ, ਜਦਕਿ 8ਵੇਂ ਰਾਊਂਡ ਵਿਚ ਉਸ ਨੇ ਜਾਰਜੀਆ ਦੀ ਬੇਲਾ ਖੋਟੇਂਸ਼ਿਵਿਲੀ ਨਾਲ ਡਰਾਅ ਖੇਡਿਆ।
ਵਾਲੇਂਟਿਨਾ ਤੇ ਕੋਸਿਟਨੀਯੁਕ ਵਿਚੋਂ ਹੋਵੇਗਾ ਚੈਂਪੀਅਨ 
ਇਕ ਗੱਲ ਬਿਲਕੁਲ ਸਾਫ ਹੈ ਕਿ ਚੈਂਪੀਅਨਸ਼ਿਪ ਦਾ ਜੇਤੂ 6.5 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਹੀ ਰੂਸ ਦੀ ਗੁਨਿਨਾ ਵਾਲੇਂਟਿਨਾ ਜਾਂ ਫਿਰ ਦੂਜੇ ਸਥਾਨ 'ਤੇ 6 ਅੰਕਾਂ ਨਾਲ ਕਾਬਜ਼ ਰੂਸ ਦੀ ਹੀ ਅਲੈਗਜ਼ੈਂਡਰਾ ਕੋਸਿਟਨੀਯੁਕ ਵਿਚੋਂ ਇਕ ਹੋਵੇਗਾ ਕਿਉਂਕਿ ਤੀਜੇ ਸਥਾਨ 'ਤੇ 4.5 ਅੰਕਾਂ ਨਾਲ ਭਾਰਤ ਦੀ ਹਰਿਕਾ ਤੇ ਮੇਜ਼ਬਾਨ ਅਮਰੀਕਾ ਦੀ ਇਰਿਨਾ ਕ੍ਰਿਸ਼ ਲਈ ਇਨ੍ਹਾਂ ਦੋਵਾਂ ਨੂੰ ਰੋਕ ਸਕਣਾ ਸੰਭਵ ਨਹੀਂ ਹੈ।


Gurdeep Singh

Content Editor

Related News