ਹਾਕੀ ਇੰਡੀਆ ਨੇ ਏ.ਐੱਚ.ਐੱਲ. ਦੇ ਲਈ ਭਾਰਤੀ ਮਹਿਲਾ ਟੀਮ ਦਾ ਕੀਤਾ ਐਲਾਨ

09/19/2017 2:36:48 PM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਅੱਜ 18 ਮੈਂਬਰੀ ਭਾਰਤ ਏ ਮਹਿਲਾ ਟੀਮ ਦਾ ਐਲਾਨ ਕੀਤਾ ਹੈ ਜੋ ਕਿ ਆਸਟਰੇਲੀਆ ਹਾਕੀ ਲੀਗ (ਏ.ਐੱਚ.ਐੱਲ.) 2017 'ਚ ਹਿੱਸਾ ਲਵੇਗੀ। ਏ.ਐੱਚ.ਐੱਲ. ਦੀ ਸ਼ੁਰੂਆਤ 28 ਸਤੰਬਰ ਤੋਂ ਹੋਵੇਗੀ। 

ਟੀਮ ਦੀ ਕਪਤਾਨੀ ਪ੍ਰੀਤੀ ਦੁਬੇ ਨੂੰ ਸੌਂਪੀ ਗਈ ਹੈ ਜਦਕਿ ਉਦਿਤਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ 'ਚ ਗੋਲਕੀਪਰ ਦੇ ਰੂਪ 'ਚ ਦਿਵਿਆ ਥੇਪੇ ਖਰੀਬਾਮ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਨੀਲੂ ਦਾਦੀਆ, ਅਸ਼ਮਿਤਾ ਬਾਰਲਾ, ਪ੍ਰਿਯੰਕਾ, ਸੁਮਨ ਦੇਵੀ ਥੋਡਮ ਅਤੇ ਸਲੀਮਾ ਟੇਟੇ ਡਿਫੈਂਡਰ ਦੀ ਭੂਮਿਕਾ ਨਿਭਾਉਣਗੀਆਂ। ਮਿਡਫੀਲਡਰ ਦੀ ਜ਼ਿੰਮੇਵਾਰੀ ਉਦਿਤਾ, ਇਸ਼ੀਕਾ ਚੌਧਰੀ, ਮਹਿਮਾ ਚੌਧਰੀ, ਗਗਨਦੀਪ ਕੌਰ, ਨੀਲਾਂਜਲੀ ਰਾਏ ਅਤੇ ਮਾਰੀਆਨਾ ਕੁਜੂਰ ਦੇ ਮੋਢਿਆਂ 'ਤੇ ਹੋਵੇਗੀ ਜਦਕਿ ਫਾਰਵਰਡ ਲਾਈਨ 'ਚ ਕਪਤਾਨ ਪ੍ਰੀਤੀ, ਸੰਗੀਤਾ ਕੁਮਾਰੀ, ਜਿਓਤੀ, ਨਵਪ੍ਰੀਤ ਕੌਰ ਅਤੇ ਮੁਮਤਾਜ ਖਾਨ ਨੂੰ ਜਗ੍ਹਾ ਮਿਲੀ ਹੈ। 

ਭਾਰਤ ਏ ਮਹਿਲਾ ਟੀਮ ਪਹਿਲੀ ਵਾਰ ਏ.ਐੱਚ.ਐੱਲ. (ਮਹਿਲਾ) 'ਚ ਹਿੱਸਾ ਲਵੇਗੀ। ਟੂਰਨਾਮੈਂਟ 'ਚ ਕੁਲ 10 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ ਪੰਜ-ਪੰਜ ਟੀਮਾਂ ਦੇ ਪੂਲ 'ਚ ਵੰਡਿਆ ਜਾਵੇਗਾ। ਭਾਰਤ ਏ ਤੋਂ ਇਲਾਵਾ ਸਾਬਕਾ ਚੈਂਪੀਅਨ ਕਵੀਂਸਲੈਂਡ, ਵਿਕਟੋਰੀਆ, ਨਾਰਦਨ ਟੈਰੀਟਰੀ, ਦੱਖਣੀ ਆਸਟਰੇਲੀਆ, ਪੱਛਮੀ ਆਸਟਰੇਲੀਆ, ਨਿਊ ਸਾਊਥ ਵੇਲਸ, ਤਸਮਾਨੀਆ, ਆਸਟਰੇਲੀਆ ਕੈਪੀਟਲ ਟੈਰੀਟਰੀ ਅਤੇ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ। ਭਾਰਤੀ ਜੂਨੀਅਰ ਮਹਿਲਾ ਟੀਮ ਦੇ ਕੋਚ ਬਲਜੀਤ ਸੈਨੀ ਭਾਰਤ ਏ ਨੂੰ ਏ.ਐੱਫ.ਐੱਲ. ਦੇ ਦੌਰਾਨ ਕੋਚਿੰਗ ਦੇਣਗੇ।


Related News