ਜੂਨੀਅਰ ਰਾਸ਼ਟਰੀ ਮਹਿਲਾ ਕੈਂਪ ਲਈ 33 ਸੰਭਾਵੀ ਖਿਡਾਰਨਾਂ ਐਲਾਨੀਆਂ ਗਈਆਂ
Sunday, May 05, 2019 - 04:22 PM (IST)

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ.ਆਈ.) ਨੇ ਐਤਵਾਰ ਨੂੰ ਜੂਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 33 ਖਿਡਾਰਨਾਂ ਦੇ ਨਾਂ ਦਾ ਐਲਾਨ ਕੀਤਾ ਜੋ ਸੋਮਵਾਰ ਤੋਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ (ਸਾਈਂ) ਸੈਂਟਰ 'ਚ ਤਿਆਰੀਆਂ ਕਰਨਗੀਆਂ। ਕੋਚ ਬਲਜੀਤ ਸਿੰਘ ਸੈਨੀ ਦੇ ਮਾਰਗਦਰਸ਼ਨ 'ਚ ਇਹ ਖਿਡਾਰਨਾਂ ਤਿੰਨ ਹਫਤੇ ਤਕ ਚੱਲਣ ਵਾਲੇ ਰਾਸ਼ਟਰੀ ਕੈਂਪ 'ਚ ਸਿਖਲਾਈ ਲੈਣਗੀਆਂ। ਕੈਂਪ ਦਾ ਸਮਾਪਨ 24 ਮਈ ਨੂੰ ਹੋਵੇਗਾ।
ਇਸ ਰਾਸ਼ਟਰੀ ਕੈਂਪ ਤੋਂ ਚਾਰ ਦੇਸ਼ਾਂ ਦੀਆਂ ਜੂਨੀਅਰ ਮਹਿਲਾ ਇਨਵਿਟੇਸ਼ਨ ਟੂਰਨਾਮੈਂਟ ਲਈ 18 ਮੈਂਬਰੀ ਟੀਮ ਚੁਣੀ ਜਾਵੇਗੀ। ਇਹ ਟੂਰਨਾਮੈਂਟ ਆਇਰਲੈਂਡ, ਸਕਾਟਲੈਂਡ, ਕੈਨੇਡਾ ਅਤੇ ਭਾਰਤ ਵਿਚਾਲੇ ਆਯੋਜਿਤ ਕੀਤੇ ਜਾਣਗੇ। 33 ਮੈਂਬਰੀ ਜੂਨੀਅਰ ਕੋਰ ਗਰੁੱਪ 'ਚ ਗੋਲਕੀਪਰ ਰੋਸ਼ਨਪ੍ਰੀਤ ਕੌਰ, ਬੀਚੂ ਦੇਵੀ ਖਾਰੀਬਮ ਅਤੇ ਖੁਸ਼ਬੂ, ਡਿਫੈਂਡਰ ਪ੍ਰਿਯੰਕਾ, ਸਿਮਰਨ ਸਿੰੰਘ, ਸੁਮਿਤਾ, ਅਕਸ਼ਤਾ ਦੇ ਨਾਂ ਸ਼ਾਮਲ ਹਨ। ਮਿਡਫੀਲਡਰਾਂ 'ਚ ਬਲਜੀਤ ਕੌਰ, ਮਾਰੀਆਨਾ ਕੁਜੂਰ, ਪ੍ਰੀਤੀ ਜਦਕਿ ਫਾਰਵਰਡ 'ਚ ਮੁਮਤਾਜ ਖਾਨ, ਦੀਪਿਕਾ, ਬਿਊਟੀ ਡੁੰਗਡੁਗ ਨੂੰ ਜਗ੍ਹਾ ਮਿਲੀ ਹੈ।