ਹਾਕੀ ਚੈਂਪੀਅਨਸ਼ਿਪ : ਪੰਜਾਬ ਪੁਲਸ ਤੇ ਕੋਰ ਆਫ ਸਿਗਨਲਜ਼ ਵਿਚਾਲੇ ਹੋਵੇਗਾ ਫਾਈਨਲ

12/31/2017 9:04:10 AM

ਨਾਭਾ, (ਜੈਨ/ਭੂਪਾ)— 42ਵੀਂ ਆਲ ਇੰਡੀਆ ਲਿਬਰਲਜ਼ ਹਾਕੀ ਚੈਂਪੀਅਨਸ਼ਿਪ (ਜੋ ਕਿ ਸਵ. ਜੀ. ਐੱਸ. ਬੈਂਸ ਸਾ. ਡਿਪਟੀ ਕਮਿਸ਼ਨਰ ਨੂੰ ਸਮਰਪਿਤ ਹੈ) ਦੇ 7ਵੇਂ ਦਿਨ ਅੱਜ ਇਥੇ ਰਿਪੁਦਮਨ ਸਟੇਡੀਅਮ ਵਿਖੇ ਪਹਿਲਾ ਸੈਮੀਫਾਈਨਲ ਮੈਚ 13 ਵਾਰੀ ਲਿਬਰਲਜ਼ ਚੈਂਪੀਅਨ ਰਹੀ ਪੰਜਾਬ ਪੁਲਸ ਜਲੰਧਰ ਅਤੇ ਹਾਕਸ ਰੂਪਨਗਰ ਨਾਲ ਹੋਇਆ ਜੋ ਕਿ ਦਿਲਚਸਪ ਮੈਚ ਸੀ ਕਿਉਂਕਿ ਰੂਪਨਗਰ ਦੀ ਯੰਗ ਪਨੀਰੀ (ਟੀਮ) ਨੇ ਅਨੁਸ਼ਾਸਨ ਵਿਚ ਰਹਿ ਕੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਪੁਲਸ ਟੀਮ ਨੇ ਆਈ. ਟੀ. ਬੀ. ਪੀ. ਜਲੰਧਰ, ਗਰੀਨ ਚਿਲੀਜ਼ ਅਤੇ ਪਿਛਲੇ ਸਾਲ ਦੀ ਚੈਂਪੀਅਨ ਈ. ਐੱਮ. ਈ. ਜਲੰਧਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਜਦੋਂ ਕਿ ਹਾਕਸ ਰੂਪਨਗਰ ਨੇ ਐੱਸ. ਆਰ. ਸੀ. ਰਾਮਗੜ੍ਹ ਕੈਂਟ, ਇੰਡੀਅਨ ਓਵਰਸੀਜ਼ ਬੈਂਕ ਨਵੀਂ ਦਿੱਲੀ ਅਤੇ 1983 ਦੀ ਚੈਂਪੀਅਨ ਪੰਜਾਬ ਪਾਵਰਕਾਮ ਨਿਗਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। 
ਖੇਡ ਦੇ ਪਹਿਲੇ ਅੱਧ ਵਿਚ ਪੁਲਸ ਟੀਮ ਦਾ ਦਬਦਬਾ ਰਿਹਾ। ਪੁਲਸ ਦੇ ਅਜੇ ਕੁਮਾਰ ਨੇ 17ਵੇਂ ਮਿੰਟ ਵਿਚ ਪਹਿਲਾ ਫੀਲਡ ਗੋਲ ਕੀਤਾ ਜਦੋਂ ਕਿ ਹਾਕਸ ਟੀਮ ਖਾਤਾ ਨਹੀਂ ਖੋਲ੍ਹ ਸਕੀ। ਪੁਲਸ ਟੀਮ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਕੁਲਾਰ ਨੇ 39ਵੇਂ ਮਿੰਟ ਵਿਚ ਦੂਜਾ ਗੋਲ ਕੀਤਾ ਜਦੋਂ ਕਿ ਹਾਕਸ ਟੀਮ ਦੇ ਜਸਵਿੰਦਰ ਸਿੰਘ ਨੇ 44ਵੇਂ ਮਿੰਟ ਵਿਚ ਪਹਿਲਾ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ ਫਿਰ ਪੁਲਸ ਟੀਮ ਦੇ ਸਰਬਜੀਤ ਸਿੰਘ ਨੇ 50ਵੇਂ ਮਿੰਟ ਵਿਚ ਅਤੇ ਹਾਕਸ ਟੀਮ ਵਲੋਂ 62ਵੇਂ ਮਿੰਟ ਵਿਚ ਪ੍ਰਭਜੋਤ ਸਿੰਘ ਨੇ ਗੋਲ ਕੀਤਾ। ਇੰਝ ਪੰਜਾਬ ਪੁਲਸ ਜਲੰਧਰ ਨੇ ਹਾਕਸ ਰੂਪਨਗਰ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾ ਕੇ ਲਿਬਰਲਜ਼ ਫਾਈਨਲ ਵਿਚ ਪ੍ਰਵੇਸ਼ ਕੀਤਾ। 
ਇਸ ਮੈਚ ਦੇ ਮੁੱਖ ਮਹਿਮਾਨ ਵਿਕਾਸ ਗਰਗ ਆਈ. ਏ. ਐੱਸ. ਸੈਕਟਰੀ ਪੰਜਾਬ ਰਾਜ ਮੰਡੀਕਰਨ ਬੋਰਡ ਸਨ। ਦੂਜਾ ਸੈਮੀਫਾਈਨਲ ਮੈਚ 2004 ਤੇ 2005 ਦੀ ਲਿਬਰਲਜ਼ ਚੈਂਪੀਅਨ ਰਹੀ ਕੋਰ ਆਫ ਸਿਗਨਲਜ਼ ਜਲੰਧਰ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਕੁਰੂਕਸ਼ੇਤਰਾ ਵਿਚਕਾਰ ਖੇਡਿਆ ਗਿਆ। ਜਲੰਧਰ ਟੀਮ ਨੇ ਜਰਖੜ ਅਕੈਡਮੀ ਤੇ ਇੰਡੀਅਨ ਓਵਰਸਿਜ਼ ਬੈਂਕ ਨਵੀਂ ਦਿੱਲੀ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਜਦੋਂ ਕਿ ਕੁਰੂਕਸ਼ੇਤਰਾ ਟੀਮ ਨੇ ਆਈ. ਟੀ. ਬੀ. ਪੀ. ਨੂੰ ਲੀਗ ਮੈਚ ਵਿਚ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇੰਝ ਕੋਰ ਆਫ ਸਿਗਨਲਜ਼ ਜਲੰਧਰ ਨੇ ਕੁਰੂਕਸ਼ੇਤਰਾ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਲਕੇ ਦੁਪਹਿਰ 2 ਵਜੇ ਜਲੰਧਰ ਦੀਆਂ ਦੋਵੇਂ ਟੀਮਾਂ ਪੰਜਾਬ ਪੁਲਸ ਤੇ ਕੋਰ ਆਫ ਸਿਗਨਲਜ਼ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ।


Related News