ਹਾਕੀ : ਭਾਰਤ ਨੇ ਦੱ. ਕੋਰੀਆ ਨੂੰ ਸਖਤ ਸੰਘਰਸ਼ ''ਚ 5-3 ਨਾਲ ਹਰਾਇਆ

Sunday, Aug 26, 2018 - 09:25 PM (IST)

ਹਾਕੀ : ਭਾਰਤ ਨੇ ਦੱ. ਕੋਰੀਆ ਨੂੰ ਸਖਤ ਸੰਘਰਸ਼ ''ਚ 5-3 ਨਾਲ ਹਰਾਇਆ

ਜਕਾਰਤਾ- ਸਾਬਕਾ ਚੈਂਪੀਅਨ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਵਿਚ 'ਸੋਨਾ ਜਿੱਤੋ ਤੇ ਓਲੰਪਿਕ ਟਿਕਟ ਹਾਸਲ ਕਰੋ' ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਐਤਵਾਰ ਨੂੰ ਪਮੁੱਖ ਵਿਰੋਧੀ ਦੱਖਣੀ ਕੋਰੀਆ ਨੂੰ ਪੂਲ-ਏ ਵਿਚ 5-3 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
ਸੈਮੀਫਾਈਨਲ ਵਿਚ ਆਪਣਾ ਸਥਾਨ ਪਹਿਲਾਂ ਹੀ ਤੈਅ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ਵਿਚ ਆਪਣੇ ਗੋਲਾਂ ਦੀ ਗਿਣਤੀ 56 ਪਹੁੰਚਾ ਦਿੱਤੀ ਹੈ ਤੇ ਉਹ 12 ਅੰਕਾਂ ਨਾਲ ਚੋਟੀ 'ਤੇ ਹੈ। ਕੋਰੀਆ ਨੂੰ ਚਾਰ ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪੂਲ ਵਿਚ ਦੂਜੇ ਸਥਾਨ 'ਤੇ ਹੈ। 
ਭਾਰਤ ਦੀ ਜਿੱਤ 'ਚ ਰੁਪਿੰਦਰਪਾਲ ਸਿੰਘ ਨੇ ਪਹਿਲੇ, ਚਿੰਗਲੇਨਸਾਨਾ ਸਿੰਘ ਨੇ 5ਵੇਂ, ਲਲਿਤ ਕੁਮਾਰ ਉਪਾਧਿਆਏ ਨੇ 16ਵੇਂ, ਮਨਪ੍ਰੀਤ ਸਿੰਘ ਨੇ 49ਵੇਂ ਤੇ ਆਕਾਸ਼ਦੀਪ ਸਿੰਘ ਨੇ 56ਵੇਂ ਮਿੰਟ ਵਿਚ ਗੋਲ ਕੀਤਾ। ਸਾਬਕਾ ਚੈਂਪੀਅਨ ਭਾਰਤ ਨੇ ਅੱਧੇ ਸਮੇਂ ਤੱਕ 3-0 ਦੀ ਬੜ੍ਹਤ ਬਣਾ ਲਈ ਸੀ ਪਰ 33ਵੇਂ ਮਿੰਟ ਵਿਚ ਕੋਰੀਆਈ ਕਪਤਾਨ ਮੈਨਜੇਈ ਜੁੰਗ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 3-1 ਤੇ ਫਿਰ 35ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕਰ ਕੇ ਸਕੋਰ 3-2 ਕਰ ਦਿੱਤਾ।
ਤੀਜਾ ਕੁਆਰਟਰ ਖਤਮ ਹੋਣ ਤੱਕ ਮੁਕਾਬਲਾ ਸੰਘਰਸ਼ਪੂਰਨ ਹੋਣ ਲੱਗਾ ਸੀ ਪਰ ਮਹਿਲਾ ਟੀਮ ਦੀ ਤਰ੍ਹਾਂ ਪੁਰਸ਼ ਟੀਮ ਨੇ ਵੀ ਆਖਰੀ ਕੁਆਰਟਰ ਵਿਚ 2 ਗੋਲ ਕਰਦਿਆਂ ਕੋਰੀਆ ਦਾ ਬਚਿਆ-ਖੁਚਿਆ ਸੰਘਰਸ਼ ਖਤਮ ਕਰ ਦਿੱਤਾ। ਭਾਰਤੀ ਮਹਿਲਾ ਟੀਮ ਨੇ ਕੱਲ ਕੋਰੀਆ ਵਿਰੁੱਧ ਆਖਰੀ 7 ਮਿੰਟ ਵਿਚ 3 ਗੋਲ ਕਰ ਕੇ 4-1 ਨਾਲ ਜਿੱਤ ਹਾਸਲ ਕੀਤੀ ਸੀ।


Related News