ਹਾਕੀ : ਭਾਰਤ ਨੇ ਪੋਲੈਂਡ ਨੂੰ 3-1 ਨਾਲ ਹਰਾਇਆ
Friday, Jun 07, 2019 - 11:29 PM (IST)

ਭੁਵਨੇਸ਼ਵਰ- ਭਾਰਤ ਨੇ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦਿਆਂ ਪੋਲੈਂਡ ਨੂੰ ਐੱਫ. ਆਈ. ਐੱਚ. ਵਰਲਡ ਸੀਰੀਜ਼ ਫਾਈਲਨਸ ਹਾਕੀ ਟੂਰਨਾਮੈਂਟ ਦੇ ਪੂਲ-ਏ ਦੇ ਆਪਣੇ ਦੂਜੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 3-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਕੱਲ ਆਪਣੇ ਪਹਿਲੇ ਮੁਕਾਬਲੇ ਵਿਚ ਰੂਸ ਨੂੰ 10-0 ਨਾਲ ਹਰਾਇਆ ਸੀ ਤੇ ਹੁਣ ਉਸ ਨੇ ਪੋਲੈਂਡ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਵਿਚ ਮਨਪ੍ਰੀਤ ਸਿੰਘ ਨੇ ਦੋ ਗੋਲ ਤੇ ਹਰਮਨਪ੍ਰੀਤ ਸਿੰਘ ਨੇ ਇਕ ਗੋਲ ਕੀਤਾ।
ਮਨਪ੍ਰੀਤ ਨੇ 21ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਭਾਰਤ ਦਾ ਪਹਿਲਾ ਗੋਲ ਕੀਤਾ। ਮਾਤੋਸਜ ਹੂਲਬੋਝ ਨੇ 25ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਕੇ ਪੋਲੈਂਡ ਨੂੰ ਇਕ-ਇਕ ਦੀ ਬਰਾਬਰੀ ਦਿਵਾ ਦਿੱਤੀ ਪਰ ਮਨਪ੍ਰੀਤ ਨੇ 26ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਰਮਨਪ੍ਰੀਤ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤ ਨੂੰ 3-1 ਦੀ ਬੜ੍ਹਤ ਦਿਵਾਈ ਤੇ ਮੇਜ਼ਬਾਨ ਟੀਮ ਨੇ ਇਸ ਬੜ੍ਹਤ ਨੂੰ ਮੈਚ ਦੇ ਅੰਤ ਤਕ ਬਰਕਰਾਰ ਰੱਖਿਆ।
ਦਿਨ ਦੇ ਦੋ ਹੋਰ ਮੈਚਾਂ ਵਿਚ ਰੂਸ ਨੇ ਪੂਲ-ਏ ਵਿਚ ਭਾਰਤ ਤੋਂ ਮਿਲੀ ਹਾਰ ਦੇ ਝਟਕੇ ਤੋਂ ਉਭਰਦੇ ਹੋਏ ਉਜ਼ਬੇਕਿਸਤਾਨ ਨੂੰ 12-1 ਨਾਲ ਹਰਾਇਆ, ਜਦਕਿ ਏਸ਼ੀਆਈ ਖੇਡਾਂ ਦੀ ਚੈਂਪੀਅਨ ਜਾਪਾਨ ਨੇ ਮੈਕਸੀਕੋ ਨੂੰ 3-1 ਨਾਲ ਹਰਾਇਆ।