ਹਿਮਾਚਲ ਨੇ ਤਾਮਿਲਨਾਡੂ ਨੂੰ 9 ਵਿਕਟਾਂ ਨਾਲ ਹਰਾਇਆ
Tuesday, Dec 25, 2018 - 11:28 PM (IST)

ਧਰਮਸ਼ਾਲਾ (ਨਰੇਸ਼)- ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ 'ਚ ਹਿਮਾਚਲ ਨੇ ਤਾਮਿਲਨਾਡੂ ਕੋਲੋਂ ਰਣਜੀ ਮੈਚ 9 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਦੀ ਬਦੌਲਤ ਹਿਮਾਚਲ ਨੂੰ 6 ਅੰਕ ਮਿਲੇ ਹਨ।
ਮੈਚ ਦੀ ਪਹਿਲੀ ਪਾਰੀ ਵਿਚ ਹੀ ਹਿਮਾਚਲ ਵਲੋਂ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਏ. ਆਰ. ਬੈਂਸ ਨੇ 144 ਦੌੜਾਂ ਦੀ ਸੈਂਕੜੇ ਵਾਲੀ, ਜਦਕਿ ਰਾਘਵ ਧਵਨ ਨੇ 71 ਅਤੇ ਰਿਸ਼ੀ ਧਵਨ ਨੇ 75 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਖੇਡ ਕੇ ਮੈਚ ਵਿਚ ਟੀਮ ਨੂੰ ਮਜ਼ਬੂਤੀ ਦੁਆ ਦਿੱਤੀ ਸੀ। ਤਾਮਿਲਨਾਡੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ਦੌਰਾਨ ਤਾਮਿਲਨਾਡੂ ਬੱਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਟੀਮ 227 ਦੌੜਾਂ 'ਤੇ ਆਲ ਆਊਟ ਹੋ ਗਈ।
ਹਾਲਾਂਕਿ ਦੂਜੀ ਪਾਰੀ ਵਿਚ ਟੀਮ ਦੇ 3 ਖਿਡਾਰੀਆਂ ਅਭਿਨਵ ਮੁਕੁੰਦ ਨੇ 128 ਅਤੇ ਬੀ. ਇੰਦਰਜੀਤ ਨੇ 106 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤਾਂ ਵਿਜੇ ਸ਼ੰਕਰ ਨੇ 56 ਦੌੜਾਂ ਟੀਮ ਦੇ ਸਕੋਰ 'ਚ ਜੋੜੀਆਂ। ਹਿਮਾਚਲ ਵਲੋਂ ਪਹਿਲੀ ਹੀ ਪਾਰੀ ਵਿਚ 463 ਦੌੜਾਂ ਬਣਾ ਕੇ 236 ਦੌੜਾਂ ਦੀ ਲੀਡ ਦੇ ਅੱਗੇ ਤਾਮਿਲਨਾਡੂ ਦਾ ਸਕੋਰ ਦੂਸਰੀ ਪਾਰੀ ਵਿਚ 345 ਦੌੜਾਂ 'ਤੇ ਹੀ ਪਹੁੰਚ ਸਕਿਆ। ਇਸ ਤਰ੍ਹਾਂ ਦੂਸਰੀ ਪਾਰੀ ਵਿਚ 105 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹਿਮਾਚਲ ਦੀ ਟੀਮ ਨੇ ਆਸਾਨੀ ਨਾਲ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।