ਐਥਲੀਟ ਹੀਮਾ ਦਾਸ ਨੇ ਪਹਿਲੇ ਦਰਜੇ ਤੋਂ ਪਾਸ ਕੀਤੀ 12ਵੀਂ ਦੀ ਪ੍ਰੀਖਿਆ
Saturday, May 25, 2019 - 04:04 PM (IST)

ਗੁਹਾਟੀ— ਆਈ.ਏ.ਏ.ਐੱਫ. ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਐਥਲੀਟ ਹੀਮਾ ਦਾਸ ਨੇ ਸਿੱਖਿਆ ਦੇ ਖੇਤਰ 'ਚ ਵੀ ਆਪਣਾ ਲੋਹਾ ਮਨਵਾਉਂਦੇ ਹੋਏ ਸ਼ਨੀਵਾਰ ਨੂੰ ਅਸਮ ਦੇ ਬੋਰਡ ਦੀ ਪ੍ਰੀਖਿਆ ਨੂੰ ਪਹਿਲੇ ਦਰਜੇ ਨਾਲ ਪਾਸ ਕਰ ਲਿਆ। ਅਸਮ ਐੱਚ.ਐੱਸ.ਐੱਲ.ਸੀ. ਦੀ ਪ੍ਰੀਖਿਆ ਦਾ ਨਤੀਜਾ ਸ਼ਨੀਵਾਰ ਨੂੰ ਹੀ ਐਲਾਨਿਆ ਗਿਆ। ਆਪਣੇ ਸੂਬੇ 'ਚ ਧੀਂਗ ਐੱਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਹੀਮਾ ਨੇ ਆਰਟਸ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੰਜ ਵਿਸ਼ਿਆਂ 'ਚ ਕੁਲ 69.8 ਫੀਸਦੀ ਅੰਕ ਹਾਸਲ ਕੀਤੇ।
ਅਸਮ ਦੇ ਨਾਗੋਨ ਜ਼ਿਲੇ ਦੇ ਕੰਧੂਲੀਮਾਰੀ ਪਿੰਡ ਦੀ ਰਹਿਣ ਵਾਲੀ ਹੀਮਾ ਜੁਲਾਈ 2018 'ਚ ਰਾਤੋ-ਰਾਤ ਸੁਰਖੀਆਂ 'ਚ ਆ ਗਈ ਸੀ। ਉਨ੍ਹਾਂ ਨੇ ਆਈ.ਏ.ਏ.ਐੱਫ. ਵਰਲਡ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 400 ਮੀਟਰ ਫਾਈਨਲ ਰੇਸ 'ਚ ਸੋਨ ਤਮਗਾ ਜਿੱਤਿਆ ਸੀ ਅਤੇ ਵਿਸ਼ਵ ਪੱਧਰੀ ਟੂਰਨਾਮੈਂਟ 'ਚ ਐਥਲੈਟਿਕਸ ਦਾ ਸੋਨ ਤਮਗਾ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਬਣੀ ਸੀ। ਹੀਮਾ ਤੋਂ ਪਹਿਲਾਂ ਭਾਰਤ ਦੀ ਕਿਸੇ ਵੀ ਮਹਿਲਾ ਐਥਲੀਟ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਜੂਨੀਅਰ ਜਾਂ ਸੀਨੀਅਰ ਕਿਸੇ ਵੀ ਪੱਧਰ 'ਤੇ ਸੋਨ ਤਮਗਾ ਨਹੀਂ ਜਿੱਤਿਆ ਸੀ।