CWG 2018: ਹਿਨਾ ''ਤੇ ਚੜ੍ਹਿਆ ਸੋਨੇ ਦਾ ਰੰਗ

04/11/2018 11:36:20 AM

ਗੋਲਡ ਕੋਸਟ, (ਬਿਊਰੋ)— ਭਾਰਤ ਦੀ ਤਜਰਬੇਕਾਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਮੰਗਲਵਾਰ ਇਥੇ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੀ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ 'ਚ ਰਾਸ਼ਟਰਮੰਡਲ ਖੇਡ ਰਿਕਾਰਡ ਬਣਾਉਣ ਦੇ ਨਾਲ ਹੀ ਸੋਨ ਤਮਗਾ ਆਪਣੇ ਨਾਂ ਕਰ ਲਿਆ, ਜਦਕਿ ਓਲੰਪਿਕ ਤਮਗਾ ਜੇਤੂ ਗਗਨ ਨਾਰੰਗ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ 50 ਮੀਟਰ ਰਾਈਫਲ ਪ੍ਰੋਨ ਪ੍ਰਤੀਯੋਗਿਤਾ 'ਚ 7ਵੇਂ ਸਥਾਨ 'ਤੇ ਰਿਹਾ।
ਹਿਨਾ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਪਹਿਲਾ ਵਿਅਕਤੀਗਤ ਸੋਨ ਤਮਗਾ ਹੈ ਤੇ ਇਨ੍ਹਾਂ ਖੇਡਾਂ ਦਾ ਦੂਜਾ ਤਮਗਾ ਹੈ। 28 ਸਾਲਾ ਹਿਨਾ ਨੇ ਇਕ ਦਿਨ ਪਹਿਲਾਂ ਹੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਿਆ ਸੀ। ਹਿਨਾ ਦਾ ਰਾਸ਼ਟਰਮੰਡਲ ਖੇਡਾਂ 'ਚ ਇਹ ਕੁਲ ਚੌਥਾ ਤਮਗਾ ਵੀ ਹੈ। ਉਸ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਪ੍ਰਤੀਯੋਗਿਤਾ 'ਚ ਸੋਨਾ ਤੇ ਵਿਅਕਤੀਗਤ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਿਆ ਸੀ।
ਭਾਰਤੀ ਨਿਸ਼ਾਨੇਬਾਜ਼ ਨੇ ਰਾਈਫਲ 'ਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਉਂਦਿਆਂ 38 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਹ ਆਸਟਰੇਲੀਆ ਦੀ ਐਲੀਨਾ ਗਾਲਿਯਾਬੋਵਿਚ ਤੋਂ ਤਿੰਨ ਅੰਕ ਅੱਗੇ ਰਹੀ, ਜਿਸ ਨੂੰ 35 ਅੰਕਾਂ ਨਾਲ ਚਾਂਦੀ ਤਮਗਾ ਮਿਲਿਆ।  ਮਲੇਸ਼ੀਆ ਦੀ ਆਲੀਆ ਸਜਾਨਾ ਅਜਾਹੀ ਨੇ 26 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ। 
ਭਾਰਤ ਨੇ ਨਿਸ਼ਾਨੇਬਾਜ਼ੀ 'ਚ ਹੁਣ ਤਕ 8 ਤਮਗੇ ਜਿੱਤੇ ਹਨ, ਜਿਸ 'ਚ ਜੀਤੂ ਰਾਏ, ਮਨੂ ਭਾਕਰ, ਹਿਨਾ ਸਿੱਧੂ ਦੇ ਸੋਨ ਤਮਗੇ ਸ਼ਾਮਲ ਹਨ। ਦਿਨ ਦੀਆਂ ਹੋਰਨਾਂ ਪ੍ਰਤੀਯੋਗਿਤਾਵਾਂ 'ਚ 50 ਮੀਟਰ ਰਾਈਫਲ ਪ੍ਰੋਨ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਗਗਨ ਸੱਤਵੇਂ ਤੇ ਚੈਨ ਸਿੰਘ ਚੌਥੇ ਸਥਾਨ 'ਤੇ ਰਿਹਾ। ਹਿਨਾ ਦੀ ਪ੍ਰਤੀਯੋਗਿਤਾ 'ਚ ਅਨੂ ਸਿੰਘ ਨੂੰ 6ਵਾਂ ਸਥਾਨ ਮਿਲਿਆ। 
ਆਪਣੇ ਪਤੀ ਰੌਣਕ ਪੰਡਿਤ ਤੋਂ ਕੋਚਿੰਗ ਲੈ ਰਹੀ ਹਿਨਾ ਦੀ ਹਾਲਾਂਕਿ ਫਾਈਨਲ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਹ ਆਸਟਰੇਲੀਆਈ ਖਿਡਾਰਨ ਤੋਂ ਪੰਜਵੀਂ ਸੀਰੀਜ਼ ਤੋਂ ਪਹਿਲਾਂ ਤਕ ਪਿੱਛੇ ਰਹੀ। ਹਿਨਾ ਨੇ ਪਰ ਵਾਪਸੀ ਕੀਤੀ ਤੇ ਪੰਜਵੀਂ ਤੇ ਛੇਵੀਂ ਸੀਰੀਜ਼ ਵਿਚ ਬੜ੍ਹਤ ਬਣਾ ਲਈ। ਉਸ ਨੇ ਫਿਰ ਫਾਈਨਲ ਸੀਰੀਜ਼ 'ਚ ਗਾਲਿਯਾਬੋਵਿਚ 'ਤੇ ਦੋ ਅੰਕਾਂ ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ ਤੇ ਚਾਰ ਅੰਕ ਲੈਣ ਦੇ ਨਾਲ ਹੀ ਆਪਣਾ ਸੋਨ ਤਮਗਾ ਪੱਕਾ ਕਰ ਲਿਆ। 
ਭਾਰਤ ਨੂੰ ਹੁਣ ਬੁੱਧਵਾਰ ਜੀਤੂ ਰਾਏ ਤੋਂ ਪੁਰਸ਼ 50 ਮੀਟਰ ਪਿਸਟਲ ਪ੍ਰਤੀਯੋਗਿਤਾ 'ਚ ਇਕ ਹੋਰ ਸੋਨੇ ਦੀ ਉਮੀਦ ਰਹੇਗੀ। ਜੀਤੂ ਨੇ ਗਲਾਸਗੋ ਵਿਚ ਇਸ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਸੀ। ਇਸ ਪ੍ਰਤੀਯੋਗਿਤਾ 'ਚ ਓਮ ਮਿਥਰਵਾਲ ਵੀ ਹੈ, ਜਿਸ ਨੇ ਇਨ੍ਹਾਂ ਖੇਡਾਂ ਵਿਚ ਇਕ ਤਮਗਾ ਜਿੱਤਿਆ ਹੈ। ਇਸ ਤੋਂ ਇਲਾਵਾ ਪੁਰਸ਼ ਡਬਲਜ਼ ਟਰੈਪ ਪ੍ਰਤੀਯੋਗਿਤਾ 'ਚ ਨੰਬਰ ਇਕ ਨਿਸ਼ਾਨੇਬਾਜ਼ ਰਹੇ ਅੰਕੁਰ ਮਿੱਤਲ ਤੇ ਮੁਹੰਮਦ ਅਸਬ ਅਤੇ ਮਹਿਲਾਵਾਂ ਦੀ ਡਬਲਜ਼ ਟ੍ਰੈਪ ਪ੍ਰਤੀਯੋਗਿਤਾ 'ਚ ਸ਼੍ਰੇਅਸੀ ਸਿੰਘ ਤੇ ਵਰਸ਼ਾ ਵਰਮਨ ਤੋਂ ਤਮਗੇ ਦੀ ਉਮੀਦ ਰਹੇਗੀ।


Related News