ਹਸਨ ਅਲੀ ਨੇ ਕੈਚ ਛੱਡਣ ਲਈ ਮੰਗੀ ਮੁਆਫ਼ੀ, ਪ੍ਰਸ਼ੰਸਕਾਂ ਤੋਂ ਕੀਤੀ ਇਹ ਅਪੀਲ

Monday, Nov 15, 2021 - 10:39 AM (IST)

ਸਪੋਰਟਸ ਡੈਸਕ- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿਚ ਆਸਟ੍ਰੇਲੀਆ ਖ਼ਿਲਾਫ਼ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਕਿਸੇ ਵੀ ਹੋਰ ਵਿਅਕਤੀ ਤੋਂ ਵੱਧ ਨਿਰਾਸ਼ ਹਨ ਤੇ ਉਨ੍ਹਾਂ ਨੇ ਆਪਣੇ ਕਰੀਅਰ ਦੇ ਇਸ ਖ਼ਰਾਬ ਦੌਰ ਤੋਂ ਬਾਅਦ ਮਜ਼ਬੂਤ ਹੋ ਕੇ ਵਾਪਸੀ ਕਰਨ ਦਾ ਵਾਅਦਾ ਕੀਤਾ ਹੈ। ਹਸਨ ਨੇ ਵੀਰਵਾਰ ਨੂੰ ਦੁਬਈ ਵਿਚ 19ਵੇਂ ਓਵਰ ਵਿਚ ਸ਼ਾਹੀਨ ਅਫ਼ਰੀਦੀ ਦੀ ਗੇਂਦ 'ਤੇ ਡੀਪ ਮਿਡਵਿਕਟ 'ਤੇ ਮੈਥਿਊ ਵੇਡ ਦਾ ਕੈਚ ਛੱਡ ਦਿੱਤਾ ਤੇ ਉਨ੍ਹਾਂ ਦੀ ਇਹ ਗ਼ਲਤੀ ਮਹਿੰਗੀ ਸਾਬਤ ਹੋਈ ਜਦ ਆਸਟ੍ਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਨੇ ਲਗਾਤਾਰ ਤਿੰਨ ਛੱਕੇ ਲਾ ਕੇ ਆਪਣੀ ਟੀਮ ਨੂੰ ਪੰਜ ਵਿਕਟਾਂ ਦੀ ਜਿੱਤ ਨਾਲ ਫਾਈਨਲ ਵਿਚ ਥਾਂ ਦਿਵਾ ਦਿੱਤੀ। ਇਸ ਨਾਲ ਹੀ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਸ਼ਾਨਦਾਰ ਮੁਹਿੰਮ ਦਾ ਅੰਤ ਵੀ ਹੋ ਗਿਆ। 

ਬਾਬਰ ਆਜ਼ਮ ਦੀ ਟੀਮ ਨੇ ਗਰੁੱਪ ਗੇੜ ਵਿਚ ਲਗਾਤਾਰ ਪੰਜ ਮੈਚ ਜਿੱਤ ਕੇ ਫਾਈਨਲ ਵਿਚ ਥਾਂ ਬਣਾਈ ਸੀ। ਹਸਨ ਨੇ ਟਵੀਟ ਕੀਤਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਨਿਰਾਸ਼ ਹੋ ਕਿਉਂਕਿ ਮੇਰਾ ਪ੍ਰਦਰਸ਼ਨ ਤੁਹਾਡੀਆਂ ਉਮੀਦਾਂ ਦੇ ਮੁਤਾਬਕ ਨਹੀਂ ਸੀ ਪਰ ਤੁਸੀਂ ਮੇਰੇ ਤੋਂ ਵੱਧ ਨਿਰਾਸ਼ ਨਹੀਂ ਹੋ। ਮੇਰੇ ਤੋਂ ਉਮੀਦਾਂ ਨਾ ਘਟਾਓ। ਮੈਂ ਸਿਖਰਲੇ ਪੱਧਰ 'ਤੇ ਪਾਕਿਸਤਾਨ ਕ੍ਰਿਕਟ ਦੀ ਸੇਵਾ ਕਰਨਾ ਚਾਹੁੰਦਾ ਹਾਂ ਇਸ ਲਈ ਦੁਬਾਰਾ ਸਖ਼ਤ ਮਿਹਨਤ ਸ਼ੁਰੂ ਕਰ ਦਿੱਤੀ ਹੈ।

ਹਸਨ ਨੇ ਕਿਹਾ ਕਿ ਇਹ ਖ਼ਰਾਬ ਦੌਰ ਮੈਨੂੰ ਮਜ਼ਬੂਤ ਬਣਾਏਗਾ ਤੇ ਮੈਂ ਇਸ ਤੋਂ ਬਾਅਦ ਮਜ਼ਬੂਤੀ ਨਾਲ ਵਾਪਸੀ ਕਰਾਂਗਾ। ਸਾਰੇ ਸੁਨੇਹਿਆਂ, ਟਵੀਟ, ਪੋਸਟ, ਫੋਨ ਤੇ ਦੁਆਵਾਂ ਲਈ ਧੰਨਵਾਦ। ਇਨ੍ਹਾਂ ਦੀ ਲੋੜ ਹੈ। ਇਹ ਭੇਜਦੇ ਰਹੋ।  ਚੈਂਪੀਅਨਜ਼ ਟਰਾਫੀ 2017 ਵਿਚ ਪਾਕਿਸਤਾਨ ਦੀ ਖ਼ਿਤਾਬੀ ਜਿੱਤ ਦੇ ਹੀਰੋ ਰਹੇ ਹਸਨ ਕੈਚ ਛੱਡਣ ਤੋਂ ਬਾਅਦ ਪੂਰੇ ਪਾਕਿਸਤਾਨ ਦੀਆਂ ਨਜ਼ਰਾਂ ਵਿਚ ਖ਼ਲਨਾਇਕ ਬਣ ਗਏ। ਉਨ੍ਹਾਂ ਨੂੰ ਇੰਟਰਨੈੱਟ ਮੀਡੀਆ 'ਤੇ ਕਾਫੀ ਟ੍ਰੋਲਿੰਗ ਤੇ ਨਕਾਰਾਤਮਕ ਵਤੀਰੇ ਦਾ ਸਾਹਮਣਾ ਕਰਨਾ ਪਿਆ।


Tarsem Singh

Content Editor

Related News