14 ਸਾਲ ਬਾਅਦ ਗਵਾਲੀਅਰ ''ਚ ਵਾਪਸੀ ਕਰੇਗੀ ਟੀਮ ਇੰਡੀਆ, ਸਚਿਨ ਨੇ ਇਥੇ ਬਣਾਇਆ ਸੀ ਦੋਹਰਾ ਸੈਂਕੜਾ
Wednesday, Aug 14, 2024 - 11:44 AM (IST)
ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੰਗਲਾਦੇਸ਼ ਅਤੇ ਇੰਗਲੈਂਡ ਨਾਲ ਭਾਰਤ ਦੀ ਟੀ-20 ਸੀਰੀਜ਼ ਦੇ ਸਥਾਨਾਂ ਨੂੰ ਬਦਲ ਦਿੱਤਾ ਹੈ। ਬੀਸੀਸੀਆਈ ਨੇ ਕੌਮਾਂਤਰੀ ਘਰੇਲੂ ਸੀਜ਼ਨ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਨਵੇਂ ਪ੍ਰੋਗਰਾਮ ਮੁਤਾਬਕ ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ 6 ਅਕਤੂਬਰ ਨੂੰ ਹੋਣ ਵਾਲੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਹੁਣ ਧਰਮਸ਼ਾਲਾ ਦੀ ਬਜਾਏ ਗਵਾਲੀਅਰ 'ਚ ਖੇਡਿਆ ਜਾਵੇਗਾ।
ਧਰਮਸ਼ਾਲਾ 'ਚ ਸਟੇਡੀਅਮ ਦੇ ਡਰੈਸਿੰਗ ਰੂਮ 'ਚ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਸਥਾਨ ਬਦਲਿਆ ਗਿਆ ਹੈ। ਇਹ ਪਹਿਲਾ ਅੰਤਰਰਾਸ਼ਟਰੀ ਮੈਚ ਗਵਾਲੀਅਰ ਦੇ ਨਵੇਂ ਸਟੇਡੀਅਮ 'ਸ਼੍ਰੀਮੰਤ ਮਾਧਵਰਾਓ ਸਿੰਧੀਆ ਸਟੇਡੀਅਮ' 'ਚ ਖੇਡਿਆ ਜਾਵੇਗਾ। 2010 ਵਿੱਚ ਸਚਿਨ ਤੇਂਦੁਲਕਰ ਗਵਾਲੀਅਰ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਇੱਕ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਪੁਰਸ਼ ਕ੍ਰਿਕਟਰ ਬਣਿਆ। ਇਸ ਤੋਂ ਬਾਅਦ ਗਵਾਲੀਅਰ ਨੇ ਕਿਸੇ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਨਹੀਂ ਕੀਤੀ ਹੈ।
ਇਸ ਦੇ ਨਾਲ ਹੀ ਬੀਸੀਸੀਆਈ ਨੇ ਅਗਲੇ ਸਾਲ ਜਨਵਰੀ ਵਿੱਚ ਇੰਗਲੈਂਡ ਨਾਲ ਹੋਣ ਵਾਲੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਦੇ ਸਥਾਨਾਂ ਵਿੱਚ ਵੀ ਫੇਰਬਦਲ ਕੀਤਾ ਹੈ। ਪਹਿਲਾ ਮੈਚ ਚੇਨਈ 'ਚ ਖੇਡਿਆ ਜਾਣਾ ਸੀ ਜਦਕਿ ਦੂਜਾ ਮੈਚ ਕੋਲਕਾਤਾ 'ਚ ਖੇਡਿਆ ਜਾਣਾ ਸੀ। ਪਰ ਹੁਣ 22 ਜਨਵਰੀ 2025 ਨੂੰ ਹੋਣ ਵਾਲਾ ਪਹਿਲਾ ਮੈਚ ਕੋਲਕਾਤਾ ਵਿੱਚ ਅਤੇ ਦੂਜਾ ਮੈਚ 25 ਜਨਵਰੀ ਨੂੰ ਚੇਨਈ ਵਿੱਚ ਹੋਵੇਗਾ।