ਹਰਮਨਪ੍ਰੀਤ ਕੌਰ ਨੂੰ ਨਹੀਂ ਮਿਲਿਆ WBBL ’ਚ ਕਰਾਰ
Sunday, Sep 01, 2024 - 06:34 PM (IST)

ਸਿਡਨੀ– ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਸਟ੍ਰੇਲੀਆ ਵਿਚ ਖੇਡੀ ਜਾਣ ਵਾਲੀ ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.)ਦੇ ਆਗਾਮੀ ਸੈਸ਼ਨ ਵਿਚ ਕਿਸੇ ਵੀ ਟੀਮ ਨਾਲ ਕੋਈ ਕਰਾਰ ਨਹੀਂ ਮਿਲਿਆ ਹੈ। ਹਰਮਨਪ੍ਰੀਤ ਦੀ ਪੁਰਾਣੀ ਟੀਮ ਮੈਲਬੋਰਨ ਰੇਨੇਗੇਡਸ ਕੋਲ ਉਸ ਨੂੰ ਖਰੀਦਣ ਦਾ ਮੌਕਾ ਸੀ ਪਰ ਉਸ ਨੇ ਹਰਮਨਪ੍ਰੀਤ ਦੀ ਚੋਣ ਨਹੀਂ ਕੀਤੀ। ਲੀਗ ਦੇ ਆਗਾਮੀ ਸੈਸ਼ਨ ਵਿਚ ਜੇਮਿਮਾ ਰੋਡ੍ਰਿਗੇਜ਼, ਦੀਪਤੀ ਸ਼ਰਮਾ ਸਮੇਤ ਕੁੱਲ 6 ਭਾਰਤੀ ਖਿਡਾਰਨਾਂ ਹਿੱਸਾ ਲੈਣਗੀਆਂ। ਡਬਲਯੂ. ਬੀ. ਬੀ. ਐੱਲ. ਡਰਾਫਠ ਵਿਚ ਕੁੱਲ 5 ਭਾਰਤੀ ਖਿਡਾਰਨਾਂ ਨੂੰ ਚੁਣਿਆ ਗਿਆ ਹੈ। ਰੋਡ੍ਰਿਗੇਜ਼ ਨੂੰ ਬ੍ਰਿਸਬੇਨ ਹੇਟ ਨੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ ਜਦਕਿ ਦੀਪਤੀ ਨੂੰ ਮੈਲਬੋਰਨ ਸਟਾਰਸ ਨੇ ਆਪਣੇ ਨਾਲ ਜੋੜਿਆ। ਰੋਡ੍ਰਿਗਜ਼ ਤੇ ਦੀਪਤੀ ਦੋਵਾਂ ਨੂੰ ਉਨ੍ਹਾਂ ਦੀਆਂ ਟੀਮਾਂ ਨੇ ਪਲੇਟਿਨਮ ਰਾਊਂਡ ਵਿਚ ਖਰੀਦਿਆ ।
ਦੂਜੇ ਰਾਊਂਡ ਵਿਚ ਸ਼ਿਖਾ ਪਾਂਡੇ ਨੂੰ ਬ੍ਰਿਸਬੇਨ ਹੀਟ ਨੇ ਅਆਪਣੇ 15ਵੇਂ ਪਿਕ ਖਿਡਾਰੀ ਦੇ ਤੌਰ ’ਤੇ ਡਰਾਫਟ ਕਰ ਲਿਆ। ਰੋਡ੍ਰਿਗੇ਼ ਤੇ ਸ਼ਿਖਾ ਦੋਵੇਂ ਹੀ ਡਬਲਯੂ. ਪੀ. ਐੱਲ. (ਦਿੱਲੀ ਕੈਪੀਟਲਸ) ਤੇ ਡਬਲਯੂ.ਸੀ. ਪੀ. ਐੱਲ. (ਟ੍ਰਿਨਬੈਗੋ ਨਾਈਟ ਰਾਈਡਰਸ) ਦੀ ਟੀਮ ਮੇਟ ਜੇਸ ਜਾਨਸਨ ਨਾਲ ਖੇਡਦੀਆਂ ਨਜ਼ਰ ਆਉਣਗੀਆਂ। ਜਦਕਿ ਦੀਪਤੀ ਮੈਲਬੋਰਨ ਸਟਾਰਸ ਦੀ ਕਪਤਾਨ ਮੇਗ ਲੈਨਿੰਗ ਨਾਲ ਹਾਲ ਹੀ ਵਿਚ ਹੋਏ ਦਿ ਹੰਡ੍ਰੇਡ ਵਿਚ ਲੰਡਨ ਸਪ੍ਰਿਟ ਦਾ ਹਿੱਸਾ ਸੀ।
ਉੱਥੇ ਹੀ, ਤੀਜੇ ਰਾਊਂਡ ਵਿਚ ਪਰਥ ਸਕਾਚਰਸ ਨੇ ਦਿਆਲਨ ਹੇਮਲਤਾ ਨੂੰ ਆਪਣੇ ਦਲ ਵਿਚ ਸ਼ਾਮਲ ਕਰ ਲਿਆ। ਉੱਥੇ ਹੀ, ਇਸ ਰਾਊਂਡ ਵਿਚ ਵਿਕਟਕੀਪਰ ਯਾਸਤਿਕਾ ਭਾਟੀਆ ਨੂੰ ਮੈਲਬੋਰਨ ਸਟਾਰਸ ਨੇ ਆਪਣੇ ਦਲ ਵਿਚ ਸ਼ਾਮਲ ਕੀਤਾ। ਡਬਲਯੂ. ਪੀ. ਐੱਲ. ਵਿਚ ਹੇਮਲਤਾ ਤੇ ਬੇਥ ਮੂਨੀ ਗੁਜਰਾਤ ਜਾਇੰਟਸ ਦਾ ਹਿੱਸਾ ਹਨ ਤੇ ਡਬਲਯੂ. ਬੀ. ਬੀ. ਐੱਲ. ਨੇ ਆਗਾਮੀ ਸੈਸ਼ਨ ਵਿਚ ਵੀ ਇਹ ਦੋਵੇਂ ਇਕ ਹੀ ਟੀਮ (ਪਰਥ ਸਕਾਚਰਸ) ਲਈ ਖੇਡੀਆਂ ਨਜ਼ਰ ਆਉਣਗੀਆਂ। ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਐਡੀਲੇਡ ਸਟ੍ਰਾਈਕਰਸ ਨੇ ਪ੍ਰੀ ਸੈਸ਼ਨ ਡਰਾਫਤ ਵਿਚ ਹੀ ਆਪਣੇ ਦਲ ਵਿਚ ਸ਼ਾਮਲ ਕਰ ਲਿਆ ਸੀ। ਸਟ੍ਰਾਈਕਰਸ ਮੰਧਾਨਾ ਦੀ ਚੌਥੀ ਲੀਗ ਟੀਮ ਹੋਵੇਗੀ। ਇਸ ਤੋਂ ਪਹਿਲਾਂ ਉਹ ਬ੍ਰਿਸਬੇਨ ਹੀਟ, ਸਿਡਨੀ ਥੰਡਰਸ ਤੇ ਹੋਬਾਰਟਰ ਹਰਿਕੇਂ ਦਾ ਹਿੱਸਾ ਰਹਿ ਚੁੱਕੀ ਹੈ। ਲੀਗ ਦੇ ਕਿਸੇ ਵੀ ਸੈਸ਼ਨ ਵਿਚ ਇਹ ਪਹਿਲੀ ਵਾਰ ਹੋਵੇਗਾ ਜਦੋਂ 6 ਭਾਰਤੀ ਖਿਡਾਰਨਾਂ ਇਕੱਠੇ ਇਹ ਟੂਰਨਾਮੈਂਟ ਖੇਡਦੀਆਂ ਨਜ਼ਰ ਆਉਣਗੀਆਂ।