ਕਪਿਲ ਦੇਵ ਅਤੇ ਐਮ. ਐਸ. ਧੋਨੀ ਦੀ ਸ਼੍ਰੇਣੀ 'ਚ ਪਹੁੰਚ ਸਕਦੀ ਹੈ ਹਰਮਨਪ੍ਰੀਤ ਕੌਰ

03/06/2020 6:16:00 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਕੋਲ ਧਾਕੜ ਕਪਤਾਨਾਂ ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਦੀ ਸ਼੍ਰੇਣੀ 'ਚ ਸ਼ਾਮਲ ਹੋਣ ਦਾ ਸ਼ਾਨਦਾਰ ਮੌਕਾ ਹੈ। ਹਰਮਨਪ੍ਰੀਤ ਦੀ ਕਪਤਾਨੀ 'ਚ ਭਾਰਤੀ ਮਹਿਲਾ ਟੀਮ ਆਸਟਰੇਲੀਆ 'ਚ ਚੱਲ ਰਹੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਐਤਵਾਰ ਨੂੰ ਭਾਰਤ ਅਤੇ ਮੇਜ਼ਬਾਨ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਹਰਮਨਪ੍ਰੀਤ ਜੇਕਰ ਐਤਵਾਰ ਨੂੰ ਮੈਲਬੋਰਨ 'ਚ ਟਰਾਫੀ ਚੁੱਕਣ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤ ਦੀ ਤੀਜੀ ਕਪਤਾਨ ਬਣ ਜਾਵੇਗੀ।

ਕਪਿਲ ਦੀ ਕਪਤਾਨੀ 'ਚ ਭਾਰਤੀ ਪੁਰਸ਼ ਟੀਮ ਨੇ ਸਾਲ 1983 'ਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਖਿਤਾਬ ਜਿੱਤਿਆ ਸੀ। ਸਾਲ 2007 'ਚ ਆਯੋਜਿਤ ਪਹਿਲੇ ਪੁਰਸ਼ ਟੀ-20 ਵਿਸ਼ਵ ਕੱਪ 'ਚ ਧੋਨੀ ਦੀ ਕਪਤਾਨੀ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਧੋਨੀ ਦੀ ਕਪਤਾਨੀ 'ਚ ਹੀ ਭਾਰਤ ਨੇ 2011'ਚ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਮਹਿਲਾ ਟੀਮ 2005 'ਚ ਦੱਖਣੀ ਅਫਰੀਕਾ ਦੇ ਸੈਂਚੂਰੀਅਨ 'ਚ ਵਨ ਡੇ ਵਿਸ਼ਵ ਕੱਪ ਦੇ ਫਾਈਨਲ 'ਚ ਆਸਟਰੇਲੀਆ ਤੋਂ 98 ਦੌੜਾਂ ਨਾਲ ਹਾਰ ਗਈ ਸੀ। ਉਸ ਸਮੇਂ ਭਾਰਤ ਦੀ ਕਪਤਾਨ ਮਿਤਾਲੀ ਰਾਜ ਸੀ। ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ 'ਤੇ 215 ਦੌੜਾਂ ਬਣਾਈਆਂ ਸਨ ਜਦਕਿ ਭਾਰਤੀ ਟੀਮ 117 ਦੌੜਾਂ 'ਤੇ ਸਿਮਟ ਗਈ ਸੀ।

ਮਿਤਾਲੀ ਦੀ ਹੀ ਕਪਤਾਨੀ 'ਚ ਭਾਰਤੀ ਟੀਮ 2017 'ਚ ਇੰਗਲੈਂਡ 'ਚ ਹੋਏ ਵਨ ਡੇ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਸੀ, ਜਿੱਥੇ ਉਸ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ 50 ਓਵਰਾਂ 'ਚ 7 ਵਿਕਟਾਂ 'ਤੇ 228 ਦੌੜਾਂ ਬਣਾਈਆਂ ਸਨ ਜਦਕਿ ਭਾਰਤੀ ਟੀਮ ਸਖਤ ਸੰਘਰਸ਼ ਕਰਨ ਦੇ ਬਾਵਜੂਦ 48.4 ਓਵਰਾਂ 'ਚ 219 ਦੌੜਾਂ 'ਤੇ ਸਿਮਟ ਗਈ ਸੀ। ਇਸੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਭਾਰਤ ਦੀ ਹਰਮਨਪ੍ਰੀਤ ਕੌਰ ਦੀ ਅਜੇਤੂ 171 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ 'ਤੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ ਸੀ। ਹਰਮਨਪ੍ਰੀਤ ਨੇ ਚਮਤਕਾਰੀ ਪਾਰੀ ਖੇਡਦੇ ਹੋਏ 115 ਗੇਂਦਾਂ 'ਤੇ ਅਜੇਤੂ 171 ਦੌੜਾਂ 'ਚ 20 ਚੌਕੇ ਤੇ 7 ਛੱਕੇ ਲਾਏ ਸਨ। ਹਰਮਨਪ੍ਰੀਤ ਦਾ ਮੌਜੂਦਾ ਟੂਰਨਾਮੈਂਟ 'ਚ ਬੱਲੇ ਦੇ ਲਿਹਾਜ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ ਤੇ ਉਹ 4 ਮੈਚਾਂ 'ਚ 2,8,1 ਤੇ 15 ਦੌੜਾਂ ਬਣਾ ਸਕੀ ਹੈ ਪਰ ਭਾਰਤੀ ਟੀਮ ਨੂੰ ਉਮੀਦ ਰਹੇਗੀ ਕਿ ਉਸਦੀ ਕਪਤਾਨ ਫਾਈਨਲ 'ਚ ਧਮਾਕੇਦਾਰ ਬੱਲੇਬਾਜ਼ੀ ਕਰੇ ਤੇ ਟੀਮ ਨੂੰ ਚੈਂਪੀਅਨ ਬਣਾਏ।

ਭਾਰਤ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। ਜਿਹੜਾ ਕੰਮ ਮਿਤਾਲੀ 2005 ਤੇ 2017 'ਚ ਨਹੀਂ ਕਰ ਸਕੀ ਸੀ, ਉਹ ਕੰਮ ਹਰਮਨਪ੍ਰੀਤ ਦੇ ਕੋਲ ਕਰ ਦਿਖਾਉਣ ਦਾ ਮੌਕਾ ਹੈ। ਭਾਰਤੀ ਪੁਰਸ਼ ਟੀਮ ਦੇ ਕਪਾਤਨ ਵਿਰਾਟ ਕੋਹਲੀ ਨੇ ਮਹਿਲਾ ਟੀਮ ਨੂੰ ਫਾਈਨਲ ਲਈ ਆਪਣੀਆਂ ਸ਼ੁਭਕਾਮਨਵਾਂ ਦਿੱਤੀਆਂ ਹਨ। ਵਿਰਾਟ ਦੀ ਕਪਤਾਨੀ 'ਚ ਇਸ ਸਾਲ ਟੀਮ ਇੰਡੀਆ ਨੂੰ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਖੇਡਣਾ ਹੈ ਤੇ ਵਿਰਾਟ ਨੂੰ ਖੁਦ ਨੂੰ ਸਰਵਸ੍ਰੇਸ਼ਠ ਕਪਤਾਨ ਸਾਬਤ ਕਰਨ ਲਈ ਇਹ ਵਿਸ਼ਵ ਕੱਪ ਜਿੱਤਣਾ ਪਵੇਗਾ। ਵਿਰਾਟ ਦੀ ਕਪਤਾਨੀ 'ਚ ਭਾਰਤ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ ਹਾਰ ਗਿਆ ਸੀ ਜਦਕਿ 2017 'ਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਉਸ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਿਲਹਾਲ ਹਰਮਨਪ੍ਰੀਤ ਨਵਾਂ ਇਤਿਹਾਸ ਬਣਾਉਣ ਦੀ ਦਹਿਲੀਜ 'ਤੇ ਹੈ ਤੇ ਭਾਰਤੀ ਕ੍ਰਿਕਟ ਪ੍ਰੇਮੀਆਂ ਦੀ ਉਮੀਦ ਰਹੇਗੀ ਕਿ ਹਰਮਨਪ੍ਰੀਤ ਦੀ ਕਪਤਾਨੀ ਵਿਚ ਮਹਿਲਾ ਟੀਮ ਇਤਿਹਾਸ ਬਣਾਏ।


Related News