B'Day Spcl: ਹਰਮਨਪ੍ਰੀਤ ਦੀ ਇਸ ਗ਼ਲਤੀ ਕਾਰਨ ਪਿਤਾ ਨੇ ਮਹੀਨਿਆਂ ਤੱਕ ਨਹੀਂ ਕੀਤੀ ਸੀ ਗੱਲ (ਵੀਡੀਓ)

03/08/2020 3:57:07 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਭਾਵ 8 ਮਾਰਚ 2020 ਨੂੰ ਆਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ। ਅੱਜ ਦਾ ਦਿਨ ਉਸ ਲਈ ਬੇਹੱਦ ਖਾਸ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ’ਚ ਇਸੇ ਦਿਨ ਟੀਮ ਇੰਡੀਆ ਪਹਿਲੀ ਵਾਰ ਟੀ-20 ਵਰਲਡ ਕੱਪ ਦਾ ਫਾਈਨਲ ਖੇਡ ਰਹੀ ਹੈ। ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ’ਚ ਹਰਮੰਦਰ ਸਿੰਘ ਭੁੱਲਰ ਅਤੇ ਸਤਵਿੰਦਰ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਖ਼ੁਦ ਇਕ ਵਾਲੀਬਾਲ ਅਤੇ ਬਾਸਕਟਬਾਲ ਖਿਡਾਰੀ ਸਨ।

PunjabKesari

ਹਰਮਨਪ੍ਰੀਤ ਨੇ ਆਪਣੇ ਪਿਤਾ ਤੋਂ ਹੀ ਕ੍ਰਿਕਟ ਬਾਰੇ ਜਾਣਿਆ। ਹਾਲਾਂਕਿ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਧੀ ਅਤੇ ਪਿਤਾ ਵਿਚਾਲੇ ਤਿੰਨ ਮਹੀਨਿਆਂ ਤੱਕ ਗੱਲਬਾਤ ਵੀ ਨਹੀਂ ਹੋਈ। ਹਾਂਜੀ ਇਹ ਬਿਲਕੁਲ ਸੱਚ ਹੈ ਅਤੇ ਇਸ ਦਾ ਖੁਲਾਸਾ ਸਟਾਰ ਕ੍ਰਿਕਟਰ  ਖ਼ੁਦ ਇਕ ਚੈਟ ਸ਼ੋਅ ’ਚ ਕਰ ਚੁੱਕੀ ਹੈ। ਹਰਮਨਪ੍ਰੀਤ ਨੂੰ ਕੌਮਾਂਤਰੀ ਕ੍ਰਿਕਟ ’ਚ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਉਨ੍ਹਾਂ ਨੇ 7 ਮਾਰਚ 2009 ਨੂੰ ਆਸਟਰੇਲੀਆ ਦੇ ਬੋਅਰਲ ’ਚ ਪਾਕਿਸਤਾਨ ਖਿਲਾਫ ਵਨ-ਡੇ ਮੈਚ ’ਚ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਚੈਟ ਸ਼ੋਅ ਦੌਰਾਨ ਹਰਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਲਈ ਕ੍ਰਿਕਟ ਦੇ ਮੈਦਾਨ ਤੋਂ ਇੰਡੀਆ ਕੈਪ ਪਹਿਨਣ ਤਕ ਦਾ ਸਫਰ ਆਸਾਨ ਨਹੀਂ ਰਿਹਾ। ਹਰਮਨਪ੍ਰੀਤ ਨੂੰ ਕ੍ਰਿਕਟ ਦੀ ਟ੍ਰੇਨਿੰਗ ਦੇ ਦੌਰਾਨ ਕਈ ਬਦਲਾਵਾਂ ਤੋਂ ਗੁਜ਼ਰਨਾ ਪਿਆ। ਉਦਾਹਰਨ ਦੇ ਤੌਰ ’ਤੇ ਹਰਮਨਪ੍ਰੀਤ ਨੂੰ ਆਪਣੇ ਲੰਬੇ ਵਾਲਾਂ ਕਾਰਨ ਅਕਸਰ ਖੇਡਣ ਦੌਰਾਨ ਪਰੇਸ਼ਾਨੀ ਹੁੰਦੀ ਸੀ। ਇਕ ਦਿਨ ਉਨ੍ਹਾਂ ਨੇ ਆਪਣੇ ਵਾਲ ਕਟਵਾ ਲਏ। 

ਅਜਿਹਾ ਕਰਦੇ ਹੀ ਉਸ ਦੇ ਘਰ ’ਚ ਭੂਚਾਲ ਆ ਗਿਆ। ਉਨ੍ਹਾਂ ਦੇ ਪਿਤਾ ਨੂੰ ਹਰਮਨਪ੍ਰੀਤ ਦਾ ਵਾਲ ਕਟਾਉਣਾ ਬਿਲਕੁਲ ਚੰਗਾ ਨਹੀਂ ਲੱਗਾ। ਉਹ ਬਹੁਤ ਨਾਰਾਜ਼ ਹੋ ਗਏ। ਉਨ੍ਹਾਂ ਨੇ ਹਰਮਨਪ੍ਰੀਤ ਨਾਲ ਗੱਲਬਾਤ ਕਰਨੀ ਹੀ ਬੰਦ ਕਰ ਦਿੱਤੀ। ਇਹ ਸਿਲਸਿਲਾ ਲਗਭਗ 3 ਮਹੀਨਿਆਂ ਤੱਕ ਚਲਿਆ। ਆਖ਼ਰਕਾਰ ਇਸ ਸ਼ਰਤ ’ਤੇ ਕਿ ਭਵਿੱਖ ’ਚ ਉਹ ਫਿਰ ਕਦੀ ਵਾਲ ਨਹੀਂ ਕਟਵਾਏਗੀ, ਪਿਤਾ ਨਾਲ ਉਸ ਦੀ ਗੱਲਬਾਤ ਸ਼ੁਰੂ ਹੋਈ । ਹਰਮਨਪ੍ਰੀਤ ਕੌਰ ਨੇ ਅਜੇ ਤਕ ਕੁਲ 113 ਟੀ-20, 99 ਵਨ-ਡੇ ਅਤੇ 2 ਟੈਸਟ ਮੈਚ ਖੇਡੇ ਹਨ। ਉਨ੍ਹਾਂ ’ਚੋਂ ਉਸ ਨੇ ¬ਕ੍ਰਮਵਾਰ 2182, 2372 ਅਤੇ 26 ਦੌੜਾਂ ਬਣਾਈਆਂ ਹਨ। ਉਹ ਟੀ-20 ਇੰਟਰਨੈਸ਼ਨਲ ’ਚ 29, ਵਨ-ਡੇ ’ਚ 23 ਅਤੇ ਟੈਸਟ ਮੈਚ ’ਚ 9 ਵਿਕਟਾਂ ਵੀ ਹਾਸਲ ਕਰ ਚੁੱਕੀ ਹੈ। ਹਰਮਨਪ੍ਰੀਤ ਕੌਰ ਮਹਿਲਾ ਟੀ-20 ਇੰਟਰਨੈਸ਼ਨਲ ’ਚ ਸੈਂਕੜਾ ਜੜਨ ਵਾਲੀ ਇਕਲੌਤੀ ਭਾਰਤੀ ਹੈ। ਹਾਲਾਂਕਿ, ਭਾਰਤੀ ਪੁਰਸ਼ ਟੀ-20 ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਜੇ ਤਕ ਟੀ-20 ਇੰਟਰਨੈਸ਼ਨਲ ’ਚ ਸੈਂਕੜਾ ਨਹੀਂ ਜੜ ਸਕੇ ਹਨ।


Tarsem Singh

Content Editor

Related News