ਫੀਡੇ ਗ੍ਰੈਂਡਪ੍ਰਿਕਸ ਸ਼ਤਰੰਜ- ਹਰਿਕ੍ਰਿਸ਼ਣਾ ਨੇ ਹਾਰੀ ਬਾਜ਼ੀ ਖੇਡੀ ਡਰਾਅ

Sunday, Jul 14, 2019 - 12:18 PM (IST)

ਫੀਡੇ ਗ੍ਰੈਂਡਪ੍ਰਿਕਸ ਸ਼ਤਰੰਜ- ਹਰਿਕ੍ਰਿਸ਼ਣਾ ਨੇ ਹਾਰੀ ਬਾਜ਼ੀ ਖੇਡੀ ਡਰਾਅ

ਰਿਗਾ (ਨਿਕਲੇਸ਼ ਜੈਨ)—ਲਾਤਵੀਆ ਵਿਚ ਫੀਡੇ ਗ੍ਰੈਂਡਪ੍ਰਿਕਸ ਦੇ ਪਹਿਲੇ ਦਿਨ ਭਾਰਤ ਦੇ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਆਪਣੀ ਰਚਨਾਤਮਕ ਖੇਡ ਦੇ ਜ਼ਰੀਏ ਕਾਲੀਆਂ ਮੋਹਰਾਂ ਨਾਲ ਅਮਰੀਕਨ ਚੋਟੀ ਦੇ ਵੇਸਲੀ ਸੋ ਨੂੰ ਡਰਾਅ 'ਤੇ ਰੋਕ ਕੇ ਅਗਲੇ ਰਾਊਂਡ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ ਹੈ। ਇਟਾਲੀਅਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਪਣੇ ਘੋੜਿਆਂ ਦੇ ਬਲੀਦਾਨ ਤੋਂ ਪਹਿਲਾਂ ਹਰਿਕ੍ਰਿਸ਼ਣਾ ਨੇ ਖੇਡ ਨੂੰ ਦਿਲਚਸਪ ਬਣਾਇਆ। ਖੇਡ ਦੀ 25ਵੀਂ ਚਾਲ ਵਿਚ ਆਪਣੇ ਵਜ਼ੀਰ ਦੇ ਹਿੱਸੇ ਵਿਚ ਭਵਿੱਖ ਵਿਚ ਹੋਣ ਵਾਲੇ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਵੇਸਲੀ ਸੋ ਦੇ ਥੋੜ੍ਹੇ ਕਮਜ਼ੋਰ ਨਜ਼ਰ ਆ ਰਹੇ ਰਾਜਾ 'ਤੇ ਹਮਲਾ ਕਰਦੇ ਹੋਏ ਆਪਣੇ ਘੋੜੇ ਦਾ ਬਲੀਦਾਨ ਦਿੱਤਾ। ਇਥੋਂ ਹੀ ਲੱਗਣ ਲੱਗਾ ਕਿ ਚਾਹੇ ਕੋਈ ਵੀ ਜਿੱਤਿਆ ਨਤੀਜਾ ਨਿਕਲ ਸਕਦਾ ਹੈ। ਖੇਡ ਦੀ 32ਵੀਂ ਚਾਲ ਵਿਚ ਉਸ ਨੇ ਵੇਸਲੀ ਸੋ ਨੂੰ ਆਪਣਾ ਵਜ਼ੀਰ ਦੇਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਕੁੱਝ ਹੀ ਚਾਲਾਂ ਵਿਚ ਦੋਵੇਂ ਖਿਡਾਰੀ ਅੰਕ ਵੰਡਣ 'ਤੇ ਸਹਿਮਤ ਹੋ ਗਏ। ਪਹਿਲੇ ਦਿਨ ਗ੍ਰੈਂਡਪ੍ਰਿਕਸ ਦੇ ਜ਼ਿਆਦਾਤਰ ਮੁਕਾਬਲੇ ਡਰਾਅ ਰਹੇ। ਸਿਰਫ ਫਰਾਂਸ ਦੇ ਮੈਕਸਿਮ ਲਾਗਰੇਵ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਹਰਾ ਕੇ ਇਕੋ-ਇਕ ਜਿੱਤ ਦਰਜ ਕੀਤੀ।


Related News