ਵੇਲਸ ਵਿਰੁੱਧ ਮੁਕਾਬਲੇ ’ਚ ਹਾਰਦਿਕ ਦੀ ਕਮੀ ਮਹਿਸੂਸ ਹੋਈ : ਆਕਾਸ਼ਦੀਪ
01/21/2023 3:02:29 PM

ਭੁਵਨੇਸ਼ਵਰ, (ਭਾਸ਼ਾ)– ਭਾਰਤ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਮੈਚ ਵਿਚ ਵੇਲਸ ’ਤੇ 4-2 ਦੀ ਜਿੱਤ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਿਚ ਅਸਫਲ ਰਿਹਾ ਤੇ ਮੈਚ ਵਿਚ 2 ਗੋਲ ਕਰਨ ਵਾਲੇ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਘਰੇਲੂ ਟੀਮ ਨੂੰ ਜ਼ਖ਼ਮੀ ਮਿਡਫੀਲਡਰ ਹਾਰਦਿਕ ਸਿੰਘ ਦੀ ਕਮੀ ਮਹਿਸੂਸ ਹੋਈ।
ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਨਾਲ ਜੂਝ ਰਿਹਾ ਹਾਰਦਿਕ ਵੇਲਸ ਵਿਰੁੱਧ ਨਹੀਂ ਖੇਡਿਆ ਤੇ ਬਾਕੀ ਟੂਰਨਾਮੈਂਟ ਵਿਚ ਵੀ ਉਸਦੇ ਖੇਡਣ ’ਤੇ ਸ਼ੱਕ ਹੈ। ਭਾਰਤ ਨੂੰ ਪੂਲ-ਡੀ ਵਿਚ ਚੋਟੀ ’ਤੇ ਰਹਿਣ ਤੇ ਕੁਆਰਟਰ ਫਾਈਨਲ ਵਿਚ ਸਿੱਧੇ ਕੁਆਲੀਫਾਈ ਕਰਨ ਲਈ ਵੀਰਵਾਰ ਨੂੰ ਵੇਲਸ ਨੂੰ 8 ਗੋਲਾਂ ਦੇ ਫਰਕ ਨਾਲ ਹਰਾਉਣ ਦੀ ਲੋੜ ਸੀ ਪਰ ਮੇਜ਼ਬਾਨ ਟੀਮ ਅਜਿਹਾ ਕਰਨ ਵਿਚ ਅਸਫਲ ਰਹੀ।
ਭਾਰਤੀ ਟੀਮ ਹੁਣ ਆਖਰੀ-8 ਵਿਚ ਜਗ੍ਹਾ ਬਣਾਉਣ ਲਈ ਐਤਵਾਰ ਨੂੰ ਕ੍ਰਾਸਓਵਰ ਮੈਚ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਸੀਨੀਅਰ ਪੱਧਰ ’ਤੇ 200 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ 28 ਸਾਲ ਦੇ ਆਕਾਸ਼ਦੀਪ ਸਿੰਘ ਨੇ ਕਿਹਾ,‘‘ਅਸੀਂ ਸ਼ੁਰੂਆਤੀ ਦੋ ਕੁਆਰਟਰ ਵਿਚ ਜ਼ਿਆਦਾ ਗੋਲ ਨਹੀਂ ਕਰ ਸਕੇ, ਅਸੀਂ ਸਿਰਫ ਇਕ ਗੋਲ ਕੀਤਾ ਪਰ ਅਸੀਂ ਤੀਜੇ ਤੇ ਆਖਰੀ ਕੁਆਰਟਰ ਵਿਚ 3 ਹੋਰ ਗੋਲ ਕਰ ਸਕੇ। ਮੈਂ ਟੀਮ ਲਈ ਯੋਗਦਾਨ ਕਰਨ ਵਿਚ ਸਮਰੱਥ ਰਿਹਾ, ਇਸ ਲਈ ਮੈਂ ਬਹੁਤ ਖੁਸ਼ ਹਾਂ।’’ਉਸ ਨੇ ਕਿਹਾ, ‘‘ਅਸੀਂ ਸਿੱਧੇ ਕੁਆਰਟਰ ਫਾਈਨਲ ਵਿਚ ਨਹੀਂ ਪਹੁੰਚ ਸਕੇ ਪਰ ਅਸੀਂ ਕ੍ਰਾਸਓਵਰ ਮੈਚ ਜਿੱਤ ਕੇ ਉੱਥੇ ਪਹੁੰਚਣ ਦੀ ਉਮੀਦ ਕਰਦੇ ਹਾਂ।’’