ਹਾਰਦਿਕ ਪੰਡਯਾ ਤੇ MI ਵਿਵਾਦ: ਕੀ ਹੈ ਅਨਫੋਲੋ ਕਰਨ ਦਾ ਸੱਚ?

Monday, May 11, 2026 - 12:59 PM (IST)

ਹਾਰਦਿਕ ਪੰਡਯਾ ਤੇ MI ਵਿਵਾਦ: ਕੀ ਹੈ ਅਨਫੋਲੋ ਕਰਨ ਦਾ ਸੱਚ?

ਮੁੰਬਈ : ਆਈਪੀਐਲ 2026 ਵਿੱਚ ਮੁੰਬਈ ਇੰਡੀਅਨਜ਼ ਦੇ ਖਿਤਾਬੀ ਦੌੜ ਵਿੱਚੋਂ ਬਾਹਰ ਹੋਣ ਤੋਂ ਬਾਅਦ, ਕਪਤਾਨ ਹਾਰਦਿਕ ਪੰਡਯਾ ਅਤੇ ਫਰੈਂਚਾਈਜ਼ੀ ਵਿਚਾਲੇ ਤਣਾਅ ਦੀਆਂ ਖ਼ਬਰਾਂ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਹਾਰਦਿਕ ਨੇ ਮੁੰਬਈ ਇੰਡੀਅਨਜ਼ ਨੂੰ ਅਨਫੋਲੋ ਕਰ ਦਿੱਤਾ ਹੈ ਅਤੇ ਟੀਮ ਨਾਲ ਜੁੜੀਆਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ0।

ਕੀ ਹੈ ਅਨਫੋਲੋ ਕਰਨ ਦੀ ਸੱਚਾਈ? 
ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖ਼ਬਰਾਂ ਅਨੁਸਾਰ, ਹਾਰਦਿਕ ਪੰਡਯਾ ਨੇ ਅਸਲ ਵਿੱਚ ਮੁੰਬਈ ਇੰਡੀਅਨਜ਼ ਨੂੰ ਅਨਫੋਲੋ ਕੀਤਾ ਸੀ ਅਤੇ ਪੋਸਟਾਂ ਵੀ ਡਿਲੀਟ ਕੀਤੀਆਂ ਸਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਟੀਮ ਨੂੰ ਦੁਬਾਰਾ ਫੋਲੋ ਕਰ ਲਿਆ ਹੈ, ਪਰ ਇਸ ਘਟਨਾ ਨੇ ਪ੍ਰਸ਼ੰਸਕਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੌਰਾਨ ਇਹ ਅਫਵਾਹਾਂ ਵੀ ਉੱਡੀਆਂ ਕਿ ਉਹ ਮੁੰਬਈ ਛੱਡ ਕੇ CSK ਜਾਂ KKR ਵਰਗੀਆਂ ਟੀਮਾਂ ਵਿੱਚ ਸ਼ਾਮਲ ਹੋ ਸਕਦੇ ਹਨ।

ਖ਼ਰਾਬ ਪ੍ਰਦਰਸ਼ਨ ਕਾਰਨ ਕਪਤਾਨੀ ਤੋਂ ਕੀਤਾ ਗਿਆ ਸੀ ਡਰੌਪ 
IPL 2026 ਵਿੱਚ ਹਾਰਦਿਕ ਪੰਡਯਾ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ। ਨਾ ਤਾਂ ਉਹ ਆਪਣੀ ਕਪਤਾਨੀ ਨਾਲ ਟੀਮ ਨੂੰ ਜਿੱਤ ਦਿਵਾ ਸਕੇ ਅਤੇ ਨਾ ਹੀ ਬੱਲੇ ਜਾਂ ਗੇਂਦ ਨਾਲ ਕੋਈ ਕਮਾਲ ਕਰ ਸਕੇ। ਇਸੇ ਕਾਰਨ ਮੁੰਬਈ ਇੰਡੀਅਨਜ਼ ਦੇ ਪ੍ਰਬੰਧਨ ਨੇ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚੋਂ ਡਰੌਪ ਕਰ ਦਿੱਤਾ ਸੀ ਅਤੇ ਸੂਰਿਆਕੁਮਾਰ ਯਾਦਵ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਸੀ। ਪਿਛਲੇ ਦੋ ਮੈਚਾਂ ਵਿੱਚ ਸੂਰਿਆਕੁਮਾਰ ਨੇ ਹੀ ਕਪਤਾਨੀ ਕੀਤੀ ਸੀ।

ਹਾਰਦਿਕ ਪੰਡਯਾ ਦੇ ਫਿੱਕੇ ਅੰਕੜੇ 
ਇਸ ਸੀਜ਼ਨ ਵਿੱਚ ਹਾਰਦਿਕ ਦੇ ਨਿੱਜੀ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 8 ਮੈਚਾਂ ਵਿੱਚ 20.8 ਦੀ ਔਸਤ ਨਾਲ ਸਿਰਫ਼ 146 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿੱਚ ਉਨ੍ਹਾਂ ਦਾ ਹਾਲ ਹੋਰ ਵੀ ਮਾੜਾ ਰਿਹਾ, ਜਿੱਥੇ ਉਨ੍ਹਾਂ ਨੇ 8 ਮੈਚਾਂ ਵਿੱਚ ਸਿਰਫ਼ 4 ਵਿਕਟਾਂ ਲਈਆਂ ਅਤੇ ਉਨ੍ਹਾਂ ਦਾ ਇਕਾਨਮੀ ਰੇਟ 11.9 ਰਨ ਪ੍ਰਤੀ ਓਵਰ ਰਿਹਾ।

RCB ਤੋਂ ਮਿਲੀ ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਅਤੇ ਹੁਣ ਟੀਮ ਦੇ ਅੰਦਰੂਨੀ ਹਾਲਾਤਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਾਰੀ ਹਨ।


author

Tarsem Singh

Content Editor

Related News