IPL 'ਚ ਰੋਹਿਤ ਸ਼ਰਮਾ ਨੇ ਤੋੜਿਆ ਛੱਕਿਆਂ ਦਾ ਮਹਾਰਿਕਾਰਡ, ਕੀ ਤੁਹਾਨੂੰ ਪਤੈ ਕੌਣ ਹੈ T20 ਤੇ ਵਨਡੇ ਦਾ ਸਿਕਸਰ ਕਿੰਗ?
Tuesday, May 05, 2026 - 02:57 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਲਖਨਊ ਸੁਪਰ ਜਾਇੰਟਸ (LSG) ਵਿਰੁੱਧ ਖੇਡੀ ਗਈ ਆਪਣੀ ਤੂਫਾਨੀ ਪਾਰੀ ਦੇ ਦਮ 'ਤੇ ਛੱਕਿਆਂ ਦਾ ਇਕ ਮਹਾ-ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੱਟ ਕਾਰਨ ਕੁਝ ਮੈਚਾਂ ਵਿੱਚ ਆਰਾਮ ਕਰਨ ਤੋਂ ਬਾਅਦ ਮੈਦਾਨ 'ਤੇ ਵਾਪਸੀ ਕਰਦਿਆਂ ਰੋਹਿਤ ਨੇ ਲਖਨਊ ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ।
ਲਖਨਊ ਵਿਰੁੱਧ ਤੂਫਾਨੀ ਪਾਰੀ
ਰੋਹਿਤ ਸ਼ਰਮਾ ਨੇ ਇਸ ਮੁਕਾਬਲੇ ਵਿੱਚ ਬੇਹੱਦ ਹਮਲਾਵਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ 6 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਸੀ।
ਇਸ ਧਮਾਕੇਦਾਰ ਪ੍ਰਦਰਸ਼ਨ ਸਦਕਾ ਮੁੰਬਈ ਇੰਡੀਅਨਜ਼ ਨੇ ਲਖਨਊ ਨੂੰ 6 ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।
ਰਨ-ਚੇਜ਼ ਵਿੱਚ ਬਣੇ 'ਛੱਕਿਆਂ ਦੇ ਕਿੰਗ'
ਇਸ ਪਾਰੀ ਦੌਰਾਨ 7 ਛੱਕੇ ਜੜਦਿਆਂ ਹੀ ਰੋਹਿਤ ਸ਼ਰਮਾ ਆਈ.ਪੀ.ਐੱਲ. ਇਤਿਹਾਸ ਵਿੱਚ ਟੀਚੇ ਦਾ ਪਿੱਛਾ (ਰਨ-ਚੇਜ਼) ਕਰਦੇ ਹੋਏ 150 ਛੱਕੇ ਪੂਰੇ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਦੇ ਨਾਮ ਹੁਣ ਰਨ-ਚੇਜ਼ ਵਿੱਚ ਕੁੱਲ 153 ਛੱਕੇ ਹੋ ਗਏ ਹਨ ਜੋ ਕਿ ਕਿਸੇ ਭਾਰਤੀ ਵਲੋਂ ਸਭ ਤੋਂ ਵੱਧ ਹਨ। ਇਸ ਸੂਚੀ ਵਿੱਚ ਉਹ ਹੁਣ ਸਿਰਫ ਕ੍ਰਿਸ ਗੇਲ (156 ਛੱਕੇ) ਤੋਂ ਪਿੱਛੇ ਹਨ ਅਤੇ ਜਲਦੀ ਹੀ ਉਨ੍ਹਾਂ ਦਾ ਰਿਕਾਰਡ ਵੀ ਤੋੜ ਸਕਦੇ ਹਨ।
ਰੋਹਿਤ ਦਾ ਕ੍ਰਿਕਟ ਦੇ T20 ਤੇ ਵਨਡੇ ਫਾਰਮੈਟ ਵਿੱਚ ਦਬਦਬਾ
ਆਈ.ਪੀ.ਐੱਲ. ਤੋਂ ਇਲਾਵਾ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਦੇ ਸੀਮਿਤ ਓਵਰਾਂ ਦੇ ਫਾਰਮੈਟ ਵਿੱਚ ਵੀ ਸਭ ਤੋਂ ਅੱਗੇ ਹਨ:
T20 ਇੰਟਰਨੈਸ਼ਨਲ : ਉਹ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ ਜਿਨ੍ਹਾਂ ਨੇ 200 ਤੋਂ ਵੱਧ ਛੱਕੇ (205 ਛੱਕੇ) ਲਗਾਏ ਹਨ।
ਵਨਡੇ ਇੰਟਰਨੈਸ਼ਨਲ : ਰੋਹਿਤ ਦੇ ਨਾਂ ਸਭ ਤੋਂ ਵੱਧ 357 ਛੱਕੇ ਦਰਜ ਹਨ, ਜੋ ਕਿ ਵਿਸ਼ਵ ਰਿਕਾਰਡ ਹੈ।
