ਹਾਰਦਿਕ ਪੰਡਯਾ ਦਾ ਮੁਸ਼ਤਾਕ ਅਲੀ ਟਰਾਫੀ ''ਚ ਤੂਫਾਨੀ ਪ੍ਰਦਰਸ਼ਨ ਜਾਰੀ, ਤ੍ਰਿਪੁਰਾ ਦੇ ਯੁਵਾ ਸਪਿਨਰ ਦਾ ਕੀਤਾ ਅਜਿਹਾ ਬੁਰਾ ਹਾਲ
Saturday, Nov 30, 2024 - 11:42 AM (IST)
ਇੰਦੌਰ– ਹਾਰਦਿਕ ਪੰਡਯਾ ਨੇ ਖੱਬੇ ਹੱਥ ਦੇ ਸਪਿਨਰ ਪਰਵੇਜ਼ ਸੁਲਤਾਨ ਦੇ ਇਕ ਓਵਰ ਵਿਚ 28 ਦੌੜਾਂ ਤੇ 5 ਛੱਕੇ ਲਾ ਕੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਫਾਰਮ ਜਾਰੀ ਰੱਖੀ, ਜਿਸ ਨਾਲ ਬੜੌਦਾ ਨੇ ਸ਼ੁੱਕਰਵਾਰ ਨੂੰ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ-ਬੀ ਮੈਚ ਵਿਚ ਤ੍ਰਿਪੁਰਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਸਿਰਫ 110 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੜੌਦਾ ਨੇ ਹਰਾਦਿਕ ਦੀਆਂ 23 ਗੇਂਦਾਂ ਵਿਚ 47 ਦੌੜਾਂ ਦੀ ਮਦਦ ਨਾਲ ਸਿਰਫ 11.2 ਓਵਰਾਂ ਵਿਚ ਇਸੇ ਨੂੰ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਉਸਦੇ ਵੱਡੇ ਭਰਾ ਕਰੁਣਾਲ ਪੰਡਯਾ ਨੇ ਨਵੀਂ ਗੇਂਦ ਨਾਲ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੈਦਾਨ ਵਿਚ ਬੈਠੇ ਦਰਸ਼ਕਾਂ ਦਾ ਹਾਰਦਿਕ ਨੇ ਪੂਰਾ ਮਨੋਰੰਜਨ ਕੀਤਾ। ਉਸ ਨੇ ਸੁਲਤਾਨ ’ਤੇ ਲਾਂਗ ਆਫ ਤੇ ਐਕਸਟ੍ਰਾ ਕਵਰ ’ਤੇ 3 ਜਦਕਿ ਕਾਓ ਕਾਰਨ ’ਤੇ 2 ਛੱਕੇ ਲਾਏ। ਹਾਰਦਿਕ ਲਈ ਅਜੇ ਤੱਕ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਬੜੌਦਾ ਦੀਆਂ ਸਾਰੀਆਂ 4 ਜਿੱਤਾਂ ਵਿਚ ਯੋਗਦਾਨ ਦਿੱਤਾ ਹੈ। ਉਸ ਨੇ ਇਨ੍ਹਾਂ ਮੈਚਾਂ ਵਿਚ ਅਜੇਤੂ 74, ਅਜੇਤੂ 41, 69 ਤੇ 47 ਦੌੜਾਂ ਬਣਾਈਆਂ। ਉਸਨੇ ਨਾਲ ਹੀ ਦੋ ਵਿਕਟਾਂ ਵੀ ਲਈਆਂ ਹਨ।