ਹਰਭਜਨ ਸਿੰਘ ਦਾ ਵੱਡਾ ਬਿਆਨ- ਮੈਂ ਟੀਮ ਇੰਡੀਆ ਦਾ ਕਪਤਾਨ ਬਣਨ 'ਚ ਸੀ ਸਮਰਥ ਪਰ ਇਹ ਸੀ ਵੱਡਾ ਅੜਿੱਕਾ

Monday, Jan 31, 2022 - 08:36 PM (IST)

ਨਵੀਂ ਦਿੱਲੀ- ਹਰਭਜਨ ਸਿੰਘ ਨੇ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰਿਟਾਇਰਮੈਂਟ ਤੋਂ ਬਾਅਦ ਭੱਜੀ ਨੇ ਕਿਹਾ ਸੀ ਕਿ ਉਹ ਕੁਝ ਦਿਨ ਹੋਰ ਕ੍ਰਿਕਟ ਖੇਡ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਧੋਨੀ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦਾ ਕਾਰਨ ਪੁੱਛਿਆ ਸੀ, ਪਰ ਉਸ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਫਿਰ ਉਹ ਪੁੱਛਣਾ ਵੀ ਬੰਦ ਕਰ ਦਿੱਤਾ।

ਹਰਭਜਨ ਸਿੰਘ ਦੀਆਂ ਅਜਿਹੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਧੋਨੀ ਨਾਲ ਉਨ੍ਹਾਂ ਦੇ ਰਿਸ਼ਤੇ ਠੀਕ ਨਹੀਂ ਹਨ ਪਰ ਹੁਣ ਭੱਜੀ ਨੇ ਇਸ 'ਤੇ ਚੁੱਪੀ ਤੋੜ ਦਿੱਤੀ ਹੈ। ਖ਼ਬਰਾਂ ਮੁਤਾਬਕ ਹਰਭਜਨ ਸਿੰਘ ਕਿਹਾ ਕਿ ਮੈਨੂੰ ਮਹਿੰਦਰ ਸਿੰਘ ਧੋਨੀ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ। ਸੱਚ ਤਾਂ ਇਹ ਹੈ ਕਿ ਉਹ ਇੰਨੇ ਸਾਲਾਂ ਤੋਂ ਮੇਰਾ ਦੋਸਤ ਰਹੇ ਹਨ। ਮੈਨੂੰ ਉਸ ਸਮੇਂ ਦੀ ਸਰਕਾਰ (BCCI) ਤੋਂ ਸ਼ਿਕਾਇਤ ਹੈ। ਮੈਂ ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੂੰ ਸਰਕਾਰ ਕਹਿ ਕੇ ਸੰਬੋਧਨ ਕਰਦਾ ਹਾਂ। ਉਸ ਸਮੇਂ ਟੀਮ ਦੇ ਚੋਣਕਾਰ ਨੇ ਆਪਣੀ ਭੂਮਿਕਾ ਨਾਲ ਇਨਸਾਫ ਨਹੀਂ ਕੀਤਾ। 

ਇਹ ਵੀ ਪੜ੍ਹੋ : ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ

ਕੋਈ ਮੇਰੀ ਕਪਤਾਨੀ ਦੇ ਬਾਰੇ 'ਚ ਸਵਾਲ ਨਹੀਂ ਕਰਦਾ। ਮੈਂ ਬੀ. ਸੀ. ਸੀ. ਆਈ. 'ਚ ਕਿਸੇ ਅਜਿਹੇ ਇਨਸਾਨ ਨੂੰ ਨਹੀਂ ਜਾਣਦਾ ਸੀ , ਜੋ ਕਪਤਾਨੀ ਨੂੰ ਲੈ ਕੇ ਮੇਰਾ ਨਾਂ ਅੱਗੇ ਰੱਖ ਸਕੇ ਜਾਂ ਮੇਰੀ ਗੱਲ ਅੱਗੇ ਰੱਖ ਸਕੇ। ਜੇਕਰ ਤੁਸੀਂ ਬੋਰਡ 'ਚ ਕਿਸੇ ਪਾਵਰਫੁਲ ਮੈਂਬਰ ਦੇ ਫੇਵਰੇਟ ਨਹੀਂ ਹੋ ਤਾਂ ਤੁਹਾਨੂੰ ਅਜਿਹਾ ਸਨਮਾਨ ਤੇ ਮੌਕਾ ਨਹੀਂ ਮਿਲਦਾ। ਮੈਨੂੰ ਪਤਾ ਸੀ ਕਿ ਮੈਂ ਭਾਰਤ ਦੀ ਕਪਤਾਨੀ ਕਰਨ 'ਚ ਸਮਰਥ ਸੀ ਕਿਉਂਕਿ ਅਸੀਂ ਬਹੁਤ ਸਾਰੇ ਕਪਤਾਨਾਂ ਦਾ ਮਾਰਗਦਰਸ਼ਨ ਕਰਦੇ ਹਾਂ। ਮੈਂ ਭਾਰਤ ਦਾ ਕਪਤਾਨ ਹੁੰਦਾ ਜਾਂ ਨਹੀਂ, ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਮੈਂ ਆਪਣੇ ਦੇਸ਼ ਲਈ ਕਪਤਾਨ ਨਹੀਂ ਬਣ ਸਕਿਆ ਤਾਂ ਮੈਨੂੰ ਪਛਤਾਵਾ ਨਹੀਂ ਹੈ। ਮੈਨੂੰ ਇਕ ਖਿਡਾਰੀ ਦੇ ਤੌਰ 'ਤੇ ਦੇਸ਼ ਦੀ ਸੇਵਾ ਕਰਨ 'ਚ ਹਮੇਸ਼ਾ ਖ਼ੁਸ਼ੀ ਮਿਲੀ ਹੈ।

ਭੱਜੀ ਨੇ ਇਹ ਵੀ ਖੁਲਾਸਾ ਕੀਤਾ ਕਿ 2011 ਦੇ ਵਿਸ਼ਵ ਕੱਪ ਫਾਈਨਲ 'ਚ ਖੇਡਣ ਵਾਲੇ ਖਿਡਾਰੀ ਦੁਬਾਰਾ ਇਕੱਠੇ ਕਿਉਂ ਨਹੀਂ ਖੇਡੇ। ਉਨ੍ਹਾਂ ਕਿਹਾ ਕਿ ਇਸ 'ਤੇ ਸਾਰਿਆਂ ਦੀ ਵੱਖਰੀ ਰਾਏ ਹੈ ਪਰ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ 2011 ਤੋਂ ਬਾਅਦ ਵੀ ਕਈ ਚੀਜ਼ਾਂ ਬਿਹਤਰ ਹੋ ਸਕਦੀਆਂ ਸਨ। ਸਹਿਵਾਗ, ਯੁਵਰਾਜ, ਗੌਤਮ ਗੰਭੀਰ ਅਤੇ ਮੈਂ ਇਕੱਠੇ ਖੇਡ ਕੇ ਸੰਨਿਆਸ ਲੈ ਸਕਦੇ ਸੀ।  ਇਹ ਕਾਫ਼ੀ ਨਿਰਾਸ਼ਾਜਨਕ ਹੈ ਕਿ 2011 ਦੇ ਚੈਂਪੀਅਨ ਦੁਬਾਰਾ ਕਦੇ ਇਕੱਠੇ ਨਹੀਂ ਖੇਡੇ, ਕਿਉਂਕਿ 2015 ਦੇ ਵਿਸ਼ਵ ਕੱਪ 'ਚ ਸਿਰਫ ਕੁਝ ਹੀ ਖੇਡੇ, ਕਿਉਂ? ਜ਼ਿਕਰਯੋਗ ਹੈ ਕਿ ਸਾਲ 2011 ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਈ ਨਵੇਂ ਖਿਡਾਰੀਆਂ ਦਾ ਸਮਰਥਨ ਕੀਤਾ ਅਤੇ ਕਈ ਸੀਨੀਅਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਖ਼ਿਲਾਫ਼ ਭਾਰਤੀ ਟੀਮ ਬਣਾ ਸਕਦੀ ਹੈ ਇਹ ਵੱਡੇ ਰਿਕਾਰਡ, ਵੇਖੋ ਪੂਰਾ ਵਨ-ਡੇ ਸ਼ਡਿਊਲ

ਹਰਭਜਨ ਦੀ ਕਪਤਾਨੀ 'ਚ ਮੁੰਬਈ ਨੇ ਜਿੱਤਿਆ ਪਹਿਲਾ ਖ਼ਿਤਾਬ

PunjabKesari
ਹਰਭਜਨ ਸਿੰਘ ਨੂੰ ਭਾਵੇਂ ਹੀ ਭਾਰਤੀ ਟੀਮ ਦਾ ਕਪਤਾਨ ਨਹੀਂ ਬਣਾਇਆ ਗਿਆ ਹੋਵੇ, ਪਰ ਉਹ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹੇ। ਸਾਲ 2011 'ਚ ਮੁੰਬਈ ਨੇ ਉਨ੍ਹਾਂ ਦੀ ਕਪਤਾਨੀ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਹਰਾ ਕੇ ਆਈ. ਪੀ. ਐੱਲ. ਟੂਰਨਾਮੈਂਟ 'ਤੇ ਕਬਜ਼ਾ ਜਮਾਇਆ ਸੀ। ਆਈ. ਪੀ. ਐੱਲ. 'ਚ ਭੱਜੀ ਨੇ 20 ਮੈਚਾਂ 'ਚ ਕਪਤਾਨੀ ਕੀਤੀ, ਜਿਸ 'ਚ ਉਨ੍ਹਾਂ ਨੇ 10 ਮੁਕਾਬਲੇ ਜਿੱਤੇ ਤੇ 10 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
 
ਭਾਰਤ ਲਈ 103 ਟੈਸਟ ਮੈਚ ਖੇਡ ਚੁੱਕੇ ਹਨ ਭੱਜੀ
ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ 417 ਵਿਕਟਾਂ ਦਰਜ ਹਨ। ਵਨ-ਡੇ 'ਚ ਉਨ੍ਹਾਂ ਨੇ 236 ਮੈਚਾਂ 'ਚ 269 ਵਿਕਟਾਂ ਲਈਆਂ ਹਨ। ਟੀ-20 ਹਰਭਜਨ ਨੇ ਭਾਰਤ ਲਈ 28 ਮੈਚ ਖੇਡੇ ਹਨ। ਇਸ 'ਚ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News