ਕ੍ਰਿਕਟ ਤੋਂ ਸੰਨਿਆਸ ਮਗਰੋਂ ਹਰਭਜਨ ਸਿੰਘ ਦਾ ਵੱਡਾ ਫ਼ੈਸਲਾ, ਜਲਦ ਸ਼ੁਰੂ ਕਰਨਗੇ 'ਸੈਕਿੰਡ ਇਨਿੰਗ'
Saturday, Dec 25, 2021 - 03:48 PM (IST)
 
            
            ਜਲੰਧਰ, (ਸੁਨੀਲ ਮਹਾਜਨ)- ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਜਲੰਧਰ ਦੇ ਬਰਲਟਨ ਪਾਰਕ ਵਿਖੇ ਮੀਡੀਆ ਦੇ ਅੱਗੇ ਮੁਖਾਤਿਬ ਹੋਏ। ਇਸ ਮੌਕੇ 'ਤੇ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਸੈਕਿੰਡ ਇਨਿੰਗ ਦਾ ਐਲਾਨ ਕੀਤਾ ਅਤੇ ਕਿਹਾ ਕਿ ਜਲਦ ਹੀ ਉਹ ਰਾਜਨੀਤੀ ਵਿਚ ਵੀ ਆ ਸਕਦੇ ਹਨ ਪਰ ਹਰਭਜਨ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਪਾਰਟੀ 'ਚ ਜਾਣਗੇ ਜਾਂ ਆਪਣੀ ਹੀ ਇੱਕ ਨਵੀਂ ਪਾਰਟੀ ਬਣਾਉਣਗੇ।
ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਦੇ ਇਸ ਗੱਲ 'ਤੇ ਜ਼ੋਰ ਦੇਣ ਨਾਲ ਵਾਪਸੀ 'ਚ ਮਿਲੀ ਮਦਦ : ਮਯੰਕ ਅਗਰਵਾਲ
ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਜਲਦੀ ਹੀ ਆਪਣੇ ਉੱਤੇ ਵੈੱਬ ਸੀਰੀਜ਼ ਵੀ ਬਣਾਈ ਜਾ ਸਕਦੀ ਹੈ ਅਤੇ ਜਲਦ ਹੀ ਉਨ੍ਹਾਂ ਦੀ ਲਿਖੀ ਕਿਤਾਬ 'ਦੂਸਰਾ ਚੈਪਟਰ' ਵੀ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰਭਜਨ ਸਿੰਘ ਨੇ ਇਹ ਵੀ ਕਿਹਾ ਕਿ ਇਸ ਵੇਲੇ ਖੇਡ ਜਗਤ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਖੇਡਾਂ ਲਈ ਬੁਨਿਆਦੀ ਢਾਂਚੇ ਦੀ ਲੋੜ ਹੈ ਤੇ ਕਈ ਹੋਰ ਮੁੱਢਲੀਆਂ ਸਹੂਲਤਾਂ ਖਿਡਾਰੀਆਂ ਨੂੰ ਦੇਣ ਦੀ ਵੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਇਸ ਮੌਕੇ 'ਤੇ ਹਰਭਜਨ ਸਿੰਘ ਸਿੰਘ ਦੇ ਕੋਚ ਦਵਿੰਦਰ ਅਰੋੜਾ ਅਤੇ ਸੁਰਜੀਤ ਰਾਏ ਬਿੱਟਾ ਨੇ ਇਸ ਮੌਕੇ 'ਤੇ ਖਿਡਾਰੀਆਂ ਵਾਸਤੇ ਬੁਨਿਆਦੀ ਢਾਂਚੇ ਦੀ ਕਮੀ ਦੇ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਹਰਭਜਨ ਸਿੰਘ ਜੇਕਰ ਰਾਜਨੀਤੀ 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਇਸ ਖੇਤਰ 'ਚ ਬਹੁਤ ਵੱਡੇ ਪੱਧਰ 'ਤੇ ਦੇਖਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਹਰਭਜਨ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਪੰਜਾਬ ਦੇ 41 ਸਾਲਾ ਇਸ ਖਿਡਾਰੀ ਨੇ ਆਪਣੇ 23 ਸਾਲ ਦੇ ਸ਼ਾਨਦਾਰ ਕ੍ਰਿਕਟਰ ਕਰੀਅਰ 'ਚ 103 ਟੈਸਟ ਮੈਚਾਂ 'ਚ 417 ਵਿਕਟਾਂ, 236 ਵਨਡੇ ਮੈਚਾਂ 'ਚ 269 ਵਿਕਟਾਂ ਅਤੇ 28 ਟੀ-20 ਆਈ ਮੈਚਾਂ 'ਚ 25 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            