B''day Spcl : ਸ਼੍ਰੀਸੰਥ ਦੇ ਅਕਸ ''ਤੇ ਧੱਬਾ ਜ਼ਰੂਰ ਲੱਗਾ ਪਰ ਖਿਡਾਰੀ ਦਮਦਾਰ ਸੀ!

02/06/2020 2:19:23 PM

ਨਵੀਂ ਦਿੱਲੀ : 6 ਫਰਵਰੀ 1983 ਨੂੰ ਕੇਰਲ ਦੇ ਕੋਠਾਮੰਗਲਮ ਵਿਚ ਜਨਮੇ ਸ਼ਾਂਤਾਕੁਮਾਰਨ ਸ਼੍ਰੀਸੰਥ ਭਾਰਤ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਰਹੇ ਹਨ। ਸ਼੍ਰੀਸੰਥ ਦੀ ਗੇਂਦਬਾਜ਼ੀ ਦੀ ਖਾਸੀਅਤ ਉਸ ਦਾ ਜੋਸ਼ ਸੀ। ਉਹ ਜੋਸ਼ੀਲੇ ਅੰਦਾਜ਼ 'ਚ ਗੇਂਦਬਾਜ਼ੀ ਕਰਦੇ ਸਨ। ਇਹੀ ਵਜ੍ਹਾ ਹੈ ਕਿ ਵਿਕਟ ਲੈਣ 'ਤੇ ਉਸ ਦਾ ਜਸ਼ਨ ਮਨਾਉਣਾ ਅਕਸਰ ਵਿਵਾਦਾਂ 'ਚ ਆ ਜਾਂਦਾ ਸੀ। ਵਿਵਾਦਾਂ ਨੇ ਸ਼੍ਰੀਸੰਥ ਦਾ ਕਦੇ ਸਾਥ ਨਹੀਂ ਛੱਡਿਆ। ਮੈਦਾਨ ਦੇ ਅੰਦਰ ਹੋਵੇ ਜਾਂ ਬਾਹਰ, ਸ਼੍ਰੀਸੰਥ ਹਮੇਸ਼ਾ ਸੁਰਖੀਆਂ 'ਚ ਬਣੇ ਰਹੇ। ਖਾਸ ਤੌਰ 'ਤੇ ਜਦੋਂ ਆਈ. ਪੀ. ਐੱਲ. ਫਿਕਸਿੰਗ ਵਿਚ ਸ਼੍ਰੀਸੰਥ ਦਾ ਨਾਂ ਸਾਹਮਣੇ ਆਇਆ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ। ਆਓ ਚਾਨਣਾ ਪਾਉਂਦੇ ਹਾਂ ਇਸ ਖਿਡਾਰੀ ਦੇ ਕਰੀਅਰ 'ਤੇ :

ਘੱਟ ਉਮਰ 'ਚ ਛੂਹੀਆਂ ਬੁਲੰਦੀਆਂ
PunjabKesari

ਕਿਸੇ ਤੋਂ ਪੁੱਛੋਗੇ ਕਿ ਰਣਜੀ ਟਰਾਫੀ ਵਿਚ ਹੈਟ੍ਰਿਕ ਲੈਣ ਵਾਲਾ ਕੇਰਲ ਦਾ ਇਕਲੌਤਾ ਗੇਂਦਬਾਜ਼ ਕੌਣ ਹੈ? ਇਸ ਦਾ ਸਿੱਧਾ ਜਵਾਬ ਐੱਸ ਸ਼੍ਰੀਸੰਥ ਮਿਲੇਗਾ। ਇਸ ਤੇਜ਼ ਗੇਂਦਬਾਜ਼ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਲੋਕਾਂ ਨੂੰ ਆਪਣੀ ਗੇਂਦਬਾਜ਼ੀ ਨਾਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਘਰੇਲੂ ਕ੍ਰਿਕਟ ਵਿਚ ਉਹ ਇਕ ਕਮਜ਼ੋਰ ਟੀਮ ਦਾ ਹਿੱਸਾ ਸਨ ਪਰ ਉਹ ਆਪਣੇ ਪ੍ਰਦਰਸ਼ਨ ਨਾਲ ਇੰਨੇ ਵੱਡੇ ਹੋ ਜਾਂਦੇ ਕਿ ਲੋਕਾਂ ਦੀਆਂ ਨਜ਼ਰਾਂ ਕ੍ਰਿਕਟਰ 'ਤੇ ਪਹੁੰਚ ਜਾਂਦੀਆਂ। ਘਰੇਲੂ ਕ੍ਰਿਕਟ ਦੇ ਪਹਿਲੇ ਹੀ ਸੀਜ਼ਨ ਵਿਚ ਦਿਲੀਪ ਟਰਾਫੀ ਲਈ ਸਿਲੈਕਟ ਹੋ ਜਾਣਾ ਆਸਾਨ ਗੱਲ ਨਹੀਂ ਸੀ ਪਰ ਸਾਲ 2002 ਵਿਚ ਸ਼੍ਰੀਸੰਥ ਨੇ ਇਹ ਕਰ ਕੇ ਦਿਖਾਇਆ ਅਤੇ 7 ਮੈਚਾਂ ਵਿਚ 22 ਵਿਕਟਾਂ ਵੀ ਆਪਣੇ ਨਾਂ ਕੀਤੀਆਂ।

ਸਾਲ 2005 'ਚ ਰੱਖਿਆ ਕੌਮਾਂਤਰੀ ਕ੍ਰਿਕਟ ਵਿਚ ਕਦਮ
PunjabKesari

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਥ ਨੇ ਸਾਲ 2005 ਵਿਚ ਕੌਮਾਂਤਰੀ ਕ੍ਰਿਕਟ ਵਿਚ ਕਦਮ ਰੱਖਿਆ। ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿਚ ਸ਼੍ਰੀਸੰਥ ਨੂੰ ਸ਼੍ਰੀਲੰਕਾ ਖਿਲਾਫ ਨਾਗਪੁਰ ਵਿਚ ਪਹਿਲਾ ਵਨ ਡੇ ਖੇਡਣ ਦਾ ਮੌਕਾ ਮਿਲਿਆ। ਇਹ ਮੈਚ ਵੈਸੇ ਤਾਂ ਭਾਰਤ ਦੇ ਨਾਂ ਹੀ ਰਿਹਾ ਸੀ ਪਰ ਇਸ ਜਿੱਤ ਵਿਚ ਵੱਡੀ ਭੂਮਿਕਾ ਸ਼੍ਰੀਸੰਥ ਨੇ ਹੀ ਨਿਭਾਈ ਸੀ। ਇਸ ਤੇਜ਼ ਗੇਂਦਬਾਜ਼ ਨੇ ਆਪਣੇ ਡੈਬਿਊ ਨੂੰ ਯਾਦਗਾਰ ਬਣਾਉਂਦਿਆਂ 5.4 ਓਵਰਾਂ ਵਿਚ 39 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਸਾਲ 2006 ਵਿਚ ਸ਼੍ਰੀਸੰਥ ਨੂੰ ਪਹਿਲਾ ਟੀ-20 ਖੇਡਣ ਦਾ ਮੌਕਾ ਮਿਲਿਆ ਜਿਸ ਵਿਚ ਵੀ ਉਸ ਨੂੰ ਇਕ ਵਿਕਟ ਮਿਲੀ।

ਭਾਰਤ ਦੀ ਇਤਿਹਾਸਕ ਜਿੱਤ ਦਾ ਹਿੱਸਾ
PunjabKesari

ਵਨ ਡੇ ਕ੍ਰਿਕਟ ਵਿਚ ਸ਼੍ਰੀਸੰਥ ਮਹਿੰਗੇ ਜ਼ਰੂਰ ਸਾਬਤ ਹੋਏ ਪਰ ਉਸ ਨੂੰ ਵਿਕਟ ਟੇਕਰ ਬਾਲਰ ਕਿਹਾ ਜਾਂਦਾ ਸੀ। ਟੈਸਟ ਵਿਚ ਵੀ ਉਹ ਅਜਿਹਾ ਹੀ ਕਰਦੇ ਰਹੇ। ਜੂਨ 2006 ਵਿਚ ਐਂਟੀਗੁਆ ਵਿਚ ਸ਼੍ਰੀਸੰਥ ਨੇ ਲਗਾਤਾਰ ਓਵਰਾਂ ਵਿਚ ਰਾਮਨਰੇਸ਼ ਸਰਵਨ ਅਤੇ ਬ੍ਰਾਇਨ ਲਾਰਾ ਨੂੰ ਆਊਟ ਕੀਤਾ ਅਤੇ ਫਿਰ ਜਮੈਕਾ ਵਿਚ 5 ਵਿਕਟਾਂ ਲਈਆਂ, ਜਿਸ ਕਾਰਨ ਭਾਰਤ ਨੂੰ ਇਤਿਹਾਸਕ ਜਿੱਤ ਮਿਲੀ। ਇਹ ਸਾਲ ਕਈ ਰਿਕਾਰਡ ਦਰਜ ਕਰਨ ਵਾਲਾ ਸਾਲ ਸੀ ਜਿਸ ਵਿਚ ਜੋਹਾਨਿਸਬਰਗ ਵਿਚ ਦੱਖਣੀ ਅਫਰੀਕਾ ਖਿਲਾਫ 8 ਵਿਕਟਾਂ ਦੀ ਜਿੱਤ ਸ਼ਾਮਲ ਸੀ, ਜਿਸ ਨੇ ਭਾਰਤ ਨੂੰ ਵਿਦੇਸ਼ ਵਿਚ ਆਪਣਾ ਪਹਿਲਾ ਟੈਸਟ ਜਿੱਤਣ ਵਿਚ ਮਦਦ ਕੀਤੀ।

ਸ਼੍ਰੀਸੰਥ ਦੇ ਕੈਚ ਨੇ ਭਾਰਤ ਨੂੰ ਦਿੱਤਾ ਪਹਿਲਾ ਟੀ-20 ਵਰਲਡ ਕੱਪ
PunjabKesari

ਸਾਲ 2007 ਵਿਚ ਪਹਿਲੇ ਟੀ-20 ਵਰਲਡ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਫਾਈਨਲ ਵਿਚ ਆਹਮੋ-ਸਾਹਮਣੇ ਸੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿ ਨੂੰ 158 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿਚ ਪਾਕਿਸਤਾਨ ਨੂੰ ਗੇਂਦਾਂ 13 ਦੌੜਾਂ ਦੀ ਜ਼ਰੂਰਤ ਸੀ ਅਤੇ ਗੇਂਦ ਜੋਗਿੰਦਰ ਸ਼ਰਮਾ ਦੇ ਹੱਥ ਵਿਚ ਸੀ। ਪਾਕਿ ਦੀਆਂ 9 ਵਿਕਟਾਂ ਡਿੱਗ ਚੁੱਕੀਆਂ ਸੀ। ਪਹਿਲੀ ਵਾਈਡ ਹੋਣ ਤੋਂ ਬਾਅਦ ਅਗਲੀ ਗੇਂਦ ਖਾਲੀ ਗਈ। ਇਸ ਤੋਂ ਬਾਅਦ ਦੂਜੀ ਹੀ ਗੇਂਦ 'ਤੇ ਪਾਕਿ ਕਪਤਾਨ ਮਿਸਬਾਹ ਉਲ ਹੱਕ ਨੇ ਛੱਕਾ ਲਗਾ ਦਿੱਤਾ। ਹੁਣ 4 ਗੇਂਦਾਂ 6 ਦੌੜਾਂ ਦੀ ਜ਼ਰੂਰਤ ਸੀ ਅਤੇ ਮਿਸਬਾਹ ਨੇ ਪਿਛੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਪਿੱਛੇ ਖੜੇ ਸ਼੍ਰੀਸੰਥ ਨੇ ਕੈਚ ਫੜ੍ਹ ਕੇ ਜਿੱਤ ਭਾਰਤ ਦੀ ਝੋਲੀ ਪਾ ਦਿੱਤੀ। ਜੇਕਰ ਉਹ ਕੈਚ ਸ਼੍ਰੀਸੰਕ ਨਾ ਕਰਦੇ ਤਾਂ ਸ਼ਾਇਦ ਅੱਜ ਟੀ-20 ਵਰਲਡ ਕੱਪ ਭਾਰਤ ਦੇ ਕੋਲ ਨਾ ਹੁੰਦਾ।

ਫਿਕਸਿੰਗ ਦੇ ਦੋਸ਼ ਨੇ ਖਤਮ ਕੀਤਾ ਸ਼ਾਨਦਾਰ ਕਰੀਅਰ
PunjabKesari

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਦੀ ਜ਼ਿੰਦਗੀ ਵਿਚ ਉਸ ਸਮੇਂ ਖਰਾਬ ਦੌਰ ਆਇਆ ਸੀ ਜਦੋਂ ਉਸ 'ਤੇ 2013 ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ। ਇਸ ਵਜ੍ਹਾ ਤੋਂ ਉਸ 'ਤੇ ਕ੍ਰਿਕਟ ਖੇਡਣ ਦੀ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਬੀ. ਸੀ. ਸੀ. ਆਈ. ਦੇ ਲੋਕਪਾਲ ਨੇ ਅਗਸਤ 2019 ਵਿਚ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਸੀ। ਇਸ ਮਾਮਲੇ ਕਾਰਨ ਉਸ ਨੂੰ 27 ਦਿਨਾਂ ਤਕ ਜੇਲ ਵੀ ਕੱਟਣੀ ਪਈ ਸੀ। ਇਸ ਤੋਂ ਇਲਾਵਾ ਉਸ ਦੇ ਨਾਲ ਸਾਥੀ ਖਿਡਾਰੀ ਅਜੀਤ ਚੰਦਿਲਾ ਅਤੇ ਅੰਕਿਤ ਚੌਹਾਨ ਨੂੰ ਵੀ ਇਸ ਸਪਾਟ ਫਿਕਸਿੰਗ ਵਿਚ ਦੋਸ਼ੀ ਪਾਇਆ ਗਿਆ ਸੀ।


Related News